ਮਹਿਲ ਕਲਾਂ ਬਲਾਕ ਸੰਮਤੀ 'ਚ ਦਿਖੀ ਏਕਤਾ; ਨਾਈਵਾਲਾ ਨੇ ਸੰਭਾਲੀ ਚੇਅਰਮੈਨ ਦੀ ਕਮਾਨ, ਮਠਾੜੂ ਬਣੀ ਵਾਈਸ ਚੇਅਰਪਰਸਨ
ਪੰਜਾਬ ਸਰਕਾਰ ਵੱਲੋਂ ਬਲਾਕ ਸੰਮਤੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਵਾਇਸ ਚੇਅਰਪਰਸਨ ਦੀ ਚੋਣ ਕਰਵਾਉਣ ਸਬੰਧੀ ਤੈਅ ਪ੍ਰੋਗਰਾਮ ਤਹਿਤ ਬਲਾਕ ਸੰਮਤੀ ਮਹਿਲ ਕਲਾਂ ਦੇ ਦਫ਼ਤਰ ਵਿਖੇ ਚੋਣ ਪ੍ਰਕਿਰਿਆ ਅਮਨ-ਸ਼ਾਂਤੀ ਅਤੇ ਸਰਬਸੰਮਤੀ ਨਾਲ ਸੰਪੰਨ ਹੋ ਗਈ। ਇਸ ਮੌਕੇ ਬਲਾਕ ਸੰਮਤੀ ਦੇ ਕੁੱਲ 25 ਚੁਣੇ ਹੋਏ ਮੈਂਬਰਾਂ ’ਚੋਂ 24 ਮੈਂਬਰ ਹਾਜ਼ਰ ਰਹੇ।
Publish Date: Thu, 05 Mar 2026 03:51 PM (IST)
Updated Date: Thu, 05 Mar 2026 03:53 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ - ਪੰਜਾਬ ਸਰਕਾਰ ਵੱਲੋਂ ਬਲਾਕ ਸੰਮਤੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਵਾਇਸ ਚੇਅਰਪਰਸਨ ਦੀ ਚੋਣ ਕਰਵਾਉਣ ਸਬੰਧੀ ਤੈਅ ਪ੍ਰੋਗਰਾਮ ਤਹਿਤ ਬਲਾਕ ਸੰਮਤੀ ਮਹਿਲ ਕਲਾਂ ਦੇ ਦਫ਼ਤਰ ਵਿਖੇ ਚੋਣ ਪ੍ਰਕਿਰਿਆ ਅਮਨ-ਸ਼ਾਂਤੀ ਅਤੇ ਸਰਬਸੰਮਤੀ ਨਾਲ ਸੰਪੰਨ ਹੋ ਗਈ। ਇਸ ਮੌਕੇ ਬਲਾਕ ਸੰਮਤੀ ਦੇ ਕੁੱਲ 25 ਚੁਣੇ ਹੋਏ ਮੈਂਬਰਾਂ ’ਚੋਂ 24 ਮੈਂਬਰ ਹਾਜ਼ਰ ਰਹੇ। ਇਨ੍ਹਾਂ ’ਚ ਜੋਨ ਵਜੀਦਕੇ ਖੁਰਦ ਤੋਂ ਸਰਬਜੀਤ ਕੌਰ, ਸਹਿਜੜਾ ਤੋਂ ਗੁਰਜੀਤ ਸਿੰਘ ਧਾਲੀਵਾਲ, ਚੰਨਣਵਾਲ ਤੋਂ ਕਿਰਨਜੀਤ ਕੌਰ ਮਠਾੜੂ, ਬੀਹਲਾ ਤੋਂ ਜਸਵਿੰਦਰ ਕੌਰ, ਛੀਨੀਵਾਲ ਕਲਾਂ ਤੋਂ ਚਮਕੌਰ ਸਿੰਘ, ਗਹਿਲ ਤੋਂ ਗੋਰਖਾ ਸਿੰਘ, ਮੂੰਮ ਤੋਂ ਕੁਲਵੰਤ ਕੌਰ, ਨਿਹਾਲੂਵਾਲ ਤੋਂ ਮਨਪ੍ਰੀਤ ਕੌਰ, ਮਹਿਲ ਖੁਰਦ ਤੋਂ ਸੰਦੀਪ ਸਿੰਘ, ਕੁਤਬਾ ਤੋਂ ਦਰਵਿੰਦਰ ਸਿੰਘ ਧਨੋਆ, ਛਾਪਾ ਤੋਂ ਭੋਲਾ ਸਿੰਘ, ਕੁਰੜ ਤੋਂ ਜਸਵਿੰਦਰ ਕੌਰ, ਮਹਿਲ ਕਲਾਂ ਤੋਂ ਰਸਪਾਲ ਸਿੰਘ, ਠੁੱਲੀਵਾਲ ਤੋਂ ਹਰਜੀਤ ਸਿੰਘ, ਦੀਵਾਨਾ ਤੋਂ ਲਖਵਿੰਦਰ ਸਿੰਘ, ਮਨਾਲ ਤੋਂ ਗੁਰਜੀਤ ਕੌਰ, ਠੀਕਰੀਵਾਲ ਤੋਂ ਸੰਦੀਪ ਸਿੰਘ, ਪੱਖੋ ਤੋਂ ਨਿਰਮਲਜੀਤ ਕੌਰ, ਭੋਤਨਾ ਤੋਂ ਹਰਦੀਪ ਕੌਰ, ਚੀਮਾ ਤੋਂ ਕਮਲਜੀਤ ਕੌਰ, ਟੱਲੇਵਾਲ ਤੋਂ ਸੁਖਵਿੰਦਰ ਕੌਰ, ਨੈਣੇਵਾਲ ਤੋਂ ਕਮਲਜੀਤ ਸਿੰਘ ਅਤੇ ਚੁੰਘਾ ਤੋਂ ਜਸਵਿੰਦਰ ਕੌਰ ਆਦਿ ਮੈਂਬਰ ਸ਼ਾਮਲ ਸਨ।
ਚੋਣ ਪ੍ਰਕਿਰਿਆ ਸਬ ਡਿਵੀਜ਼ਨ ਮਹਿਲ ਕਲਾਂ ਦੀ ਐਸ.ਡੀ.ਐਮ. ਮੈਡਮ ਕ੍ਰਿਤਿਕਾ ਗੋਇਲ ਦੀ ਅਗਵਾਈ ਹੇਠ ਅਤੇ ਬੀਡੀਪੀਓ ਬੰਨਦੀਪ ਸਿੰਘ ਦੀ ਰਹਿਨੁਮਾਈ ’ਚ ਕਰਵਾਈ ਗਈ। ਇਸ ਦੌਰਾਨ ਇਲੈਕਸ਼ਨ ਇੰਚਾਰਜ ਸਤੀਸ਼ ਕੁਮਾਰ ਅਤੇ ਇਲੈਕਸ਼ਨ ਦਫ਼ਤਰ ਇੰਚਾਰਜ ਸੁਖਵਿੰਦਰ ਸਿੰਘ ਨੇ ਵੀ ਚੋਣ ਪ੍ਰਕਿਰਿਆ ਦੀ ਦੇਖਰੇਖ ਕੀਤੀ। ਚੋਣ ਦੌਰਾਨ ਬਲਾਕ ਸੰਮਤੀ ਮਹਿਲ ਕਲਾਂ ਦੇ ਜੋਨ ਨਾਈਵਾਲਾ (ਰਿਜ਼ਰਵ) ਤੋਂ ਸੰਮਤੀ ਮੈਂਬਰ ਕਰਮਜੀਤ ਸਿੰਘ ਨਾਈਵਾਲਾ ਦੇ ਨਾਂ ਦੀ ਤਜਵੀਜ਼ ਸੰਮਤੀ ਮੈਂਬਰ ਰਸਪਾਲ ਸਿੰਘ ਵੱਲੋਂ ਪੇਸ਼ ਕੀਤੀ ਗਈ, ਜਿਸ ਨੂੰ ਇੱਕ ਮੈਂਬਰ ਤੋਂ ਇਲਾਵਾ ਸਾਰੇ ਮੈਂਬਰਾਂ ਨੇ ਹੱਥ ਖੜੇ ਕਰਕੇ ਮਨਜ਼ੂਰੀ ਦਿੱਤੀ। ਇਸ ਤਰ੍ਹਾਂ ਕਰਮਜੀਤ ਸਿੰਘ ਨਾਈਵਾਲਾ ਨੂੰ ਸਰਬਸੰਮਤੀ ਨਾਲ ਬਲਾਕ ਸੰਮਤੀ ਮਹਿਲ ਕਲਾਂ ਦਾ ਚੇਅਰਮੈਨ ਚੁਣਿਆ ਗਿਆ।ਇਸੇ ਤਰ੍ਹਾਂ ਜੋਨ ਚੰਨਣਵਾਲ (ਜਨਰਲ) ਤੋਂ ਸੰਮਤੀ ਮੈਂਬਰ ਕਿਰਨਜੀਤ ਕੌਰ ਮਠਾੜੂ ਦੇ ਨਾਂ ਦੀ ਪੇਸ਼ਕਸ਼ ਜੋਨ ਠੁੱਲੀਵਾਲ ਤੋਂ ਸੰਮਤੀ ਮੈਂਬਰ ਹਰਜੀਤ ਸਿੰਘ ਵੱਲੋਂ ਕੀਤੀ ਗਈ, ਜਿਸ ’ਤੇ ਸਾਰੇ ਮੈਂਬਰਾਂ ਨੇ ਆਪਣੀ ਸਹਿਮਤੀ ਜਤਾਉਂਦਿਆਂ ਕਿਰਨਜੀਤ ਕੌਰ ਮਠਾੜੂ ਨੂੰ ਬਲਾਕ ਸੰਮਤੀ ਮਹਿਲ ਕਲਾਂ ਦੀ ਵਾਇਸ ਚੇਅਰਪਰਸਨ ਚੁਣ ਲਿਆ। ਚੋਣ ਉਪਰੰਤ ਸਮੂਹ ਬਲਾਕ ਸੰਮਤੀ ਮੈਂਬਰਾਂ ਵੱਲੋਂ ਨਵੇਂ ਚੁਣੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਅਤੇ ਵਾਇਸ ਚੇਅਰਪਰਸਨ ਕਿਰਨਜੀਤ ਕੌਰ ਮਠਾੜੂ ਦਾ ਭਰਪੂਰ ਸਨਮਾਨ ਕੀਤਾ ਗਿਆ।
ਇਸ ਮੌਕੇ ਦੋਵੇਂ ਆਗੂਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਕੁਰਸੀਆਂ ’ਤੇ ਬਿਠਾ ਕੇ ਸਨਮਾਨਿਤ ਕੀਤਾ ਗਿਆ। ਨਵੇਂ ਚੁਣੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਅਤੇ ਵਾਇਸ ਚੇਅਰਪਰਸਨ ਕਿਰਨਜੀਤ ਕੌਰ ਮਠਾੜੂ ਨੇ ਸਮੂਹ ਬਲਾਕ ਸੰਮਤੀ ਮੈਂਬਰਾਂ, ਪੰਜਾਬ ਸਰਕਾਰ, ਹਲਕਾ ਵਿਧਾਇਕ ਅਤੇ ਚੋਣ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਮਹਿਲ ਕਲਾਂ ਅਧੀਨ ਪੈਂਦੇ ਕੁੱਲ 38 ਪਿੰਡਾਂ ਦੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਇਸ ਮੌਕੇ ਸੁਪਰਡੈਂਟ ਹਰਵਿੰਦਰ ਸਿੰਘ ਕੁਤਬਾ, ਕਲਰਕ ਕਰਮਜੀਤ ਕੌਰ, ਜ਼ਿਲ੍ਹਾ ਪ੍ਰਦੇਸ਼ ਮੈਂਬਰ ਬਰਜਿੰਦਰ ਪਾਲ ਸਿੰਘ, ਪੁਨੀਤ ਮਾਨ ਗਹਿਲ, ਸਮਾਜ ਸੇਵੀ ਹਰਤੇਜ ਸਿੰਘ ਸਿੱਧੂ ਠੁੱਲੀਵਾਲ, ਸਰਪੰਚ ਹਰਪਾਲ ਸਿੰਘ ਮਹਿਲ ਖੁਰਦ, ਸਰਪੰਚ ਚਰਨਜੀਤ ਕੌਰ ਮਾਂਗੇਵਾਲ, ਬਾਬਾ ਵਿਜੇ ਸਿੰਘ ਮਹਿਲ ਖੁਰਦ, ਨਿਰਭੈ ਸਿੰਘ ਛੀਨੀਵਾਲ, ਹਰਮਨਜੀਤ ਸਿੰਘ ਕੁਤਬਾ, ਇੰਦਰਜੀਤ ਸਿੰਘ ਕਾਲਾ,ਸਮੇਤ ਇਲਾਕੇ ਨਾਲ ਸੰਬੰਧਿਤ ਕਈ ਸਰਪੰਚ, ਪੰਚ ਅਤੇ ਸੰਮਤੀ ਮੈਂਬਰ ਵੀ ਹਾਜ਼ਰ ਸਨ।