ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਕਿਰਤ ਕੋਡਾਂ ਦੀਆਂ ਕਾਪੀਆਂ ਸਾੜਕੇ ਰੋਸ ਪ੍ਰਗਟਾਇਆ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਮਜ਼ਦੂਰ-ਮੁਲਾਜਮ-ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ 4 ਕਿਰਤ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਖ਼ਿਲਾਫ਼ ਕਾਲਾ ਦਿਵਸ ਵਜੋਂ ਮਨਾਉਂਦਿਆਂ ਡੀਸੀ ਦਫ਼ਤਰ ਅੱਗੇ ਰੈਲੀ ਕਰਨ ਉਪਰੰਤ ਕਚਹਿਰੀ ਚੌਕ ਤੱਕ ਰੋਸ ਮਾਰਚ ਕਰਨ ਉਪਰੰਤ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਗੂਆਂ ਨਾਰਾਇਣ ਦੱਤ, ਦਰਸ਼ਨ ਚੀਮਾ, ਰਾਜੀਵ ਕੁਮਾਰ, ਲਾਭ ਸਿੰਘ ਅਕਲੀਆ, ਕਾਮਰੇਡ ਖੁਸ਼ੀਆ ਸਿੰਘ, ਮਨੋਹਰ ਲਾਲ ਨੇ ਇਨ੍ਹਾਂ ਕਿਰਤ ਕੋਡਾਂ ਬਾਰੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੱਲੋਂ 1999 ਵਿੱਚ ਗਠਨ ਕੀਤੇ ਦੂਜੇ ਲੇਬਰ ਕਮਿਸ਼ਨ ਨੇ 2002 ਵਿੱਚ 40 ਤੋਂ ਵੱਧ ਕੇਂਦਰੀ ਅਤੇ ਸੂਬਿਆਂ ਦੇ ਮਜ਼ਦੂਰਾਂ ਸਬੰਧੀ ਲਗਪਗ 100 ਕਾਨੂੰਨਾਂ ਨੂੰ ਚਾਰ ਜਾਂ ਪੰਜ ਕਿਰਤ ਕੋਡਾਂ ਵਿੱਚ ਇਕੱਠਾ ਕਰਨ ਦੀਆਂ ਸਿਫਾਰਸ਼ਾਂ ਕੀਤੀਆਂ ਸਨ। ਮੌਜੂਦਾ ਕੇਂਦਰ ਸਰਕਾਰ ਨੇ ਮਜ਼ਦੂਰਾਂ ਸਬੰਧੀ ਸਾਰੇ ਕਾਨੂੰਨਾਂ ਨੂੰ ਚਾਰ ਕਿਰਤ ਕੋਡਜ਼ ਵਿੱਚ ਇਕੱਠਾ ਕਰ ਦਿੱਤਾ ਹੈ। ਪਹਿਲਾਂ, ਉਜਰਤਾਂ ਦਾ ਕੋਡ ਐਕਟ ਅਗਸਤ 2019 ਵਿੱਚ ਪਾਸ ਕੀਤਾ ਗਿਆ। ਇਸ ਕੋਡ ਵਿੱਚ ਉਜਰਤਾਂ ਸਬੰਧੀ ਸਾਰੇ ਕਾਨੂੰਨ ਇਕੱਠੇ ਕਰ ਦਿੱਤੇ ਗਏ ਹਨ। ਉਦਯੋਗ ਸਬੰਧੀ ਕੋਡ ਐਕਟ, 2020 ਵਿੱਚ ਟਰੇਡ ਯੂਨੀਅਨ ਐਕਟ, 1926, ਇੰਡਸਟ੍ਰੀਅਲ ਡਿਸਪਿਊਟਸ ਐਕਟ, 1947 ਅਤੇ ਇੰਡਸਟ੍ਰੀਅਲ ਇਮਪਲਾਇਮੈਂਟ ਸਟੈਡਿੰਗ ਆਰਡਰਜ਼ ਐਕਟ, 1946 ਨੂੰ ਇਕੱਠਾ ਕਰ ਦਿੱਤਾ ਗਿਆ ਹੈ। ਸੋਸ਼ਲ ਸਕਿਓਰਿਟੀ ਕੋਡ ਐਕਟ, 2020 ਵਿੱਚ ਸਮਾਜਿਕ ਸੁਰੱਖਿਆ ਅਤੇ ਸਮਾਜਿਕ ਕਲਿਆਣ ਸਬੰਧੀ ਕਾਨੂੰਨਾਂ ਨੂੰ ਇਕੱਠਾ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ ਐਕਟ, 2020 ਵਿੱਚ ਤਕਰੀਬਨ 13 ਕਾਨੂੰਨ, ਜਿਹੜੇ ਮਜ਼ਦੂਰਾਂ ਨੂੰ ਸਿਹਤ, ਕੰਮ ਕਰਨ ਵਾਲੀ ਥਾਂ ਦੀ ਸਥਿਤੀ ਅਤੇ ਰੁਜ਼ਗਾਰ ਦੀ ਸੁਰੱਖਿਆ ਪ੍ਰਦਾਨ ਕਰਵਾਉਂਦੇ ਸਨ, ਸ਼ਾਮਲ ਕੀਤੇ ਗਏ ਹਨ।
ਸਰਕਾਰ ਅਤੇ ਕਿਰਤ ਕੋਡਜ਼ ਦੀ ਹਮਾਇਤ ਕਰਨ ਵਾਲੇ ਲੋਕ, ਰਾਜਨੀਤਿਕ ਪਾਰਟੀਆਂ ਅਤੇ ਮਜ਼ਦੂਰਾਂ ਸਬੰਧੀ ਹੋਰ ਕਾਨੂੰਨਾਂ ਵਿੱਚ ਸੋਧਾਂ ਨੂੰ ਮਜ਼ਦੂਰ ਪੱਖੀ, ਮਜ਼ਦੂਰਾਂ ਦੀ ਭਲਾਈ ਤੇ ਕਲਿਆਣ ਵਾਲੇ ਅਤੇ ਮਜ਼ਦੂਰਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਗਰਦਾਨ ਰਹੇ ਹਨ। ਇਹ ਸੋਧਾਂ ਕਰਨ ਵੇਲੇ ਹਾਕਮ ਜਮਾਤ ਨੇ ਪੂੰਜੀਪਤੀਆਂ ਨਾਲ ਮਿਲ ਕੇ ਬੜੀ ਚਲਾਕੀ ਨਾਲ ਇਨ੍ਹਾਂ ਕਿਰਤ ਕੋਡਾਂ ਵਿੱਚ ਮਜ਼ਦੂਰਾਂ ਨੂੰ ਭਰਮਾਉਣ ਵਾਲੀ ਸ਼ਬਦਾਬਲੀ ਦੀ ਵਰਤੋਂ ਕੀਤੀ ਹੈ। ਇਨ੍ਹਾਂ ਸੋਧਾਂ ਦਾ ਨਿਰੀਖਣ ਕੀਤਿਆਂ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਸੋਧਾਂ ਮਜ਼ਦੂਰਾਂ ਖ਼ਿਲਾਫ਼ ਅਤੇ ਪੂੰਜੀਪਤੀਆਂ/ਕਾਰਪੋਰੇਟਾਂ ਦੇ ਹਿੱਤਾਂ ਵਿੱਚ ਹਨ। ਆਗੂਆਂ ਗੁਰਪ੍ਰੀਤ ਸਿੰਘ ਰੂੜੇਕੇ, ਬਾਬੂ ਸਿੰਘ ਖੁੱਡੀਕਲਾਂ, ਸਾਹਿਬ ਸਿੰਘ ਬਡਬਰ, ਰਜਿੰਦਰ ਪਾਲ, ਬਲਜਿੰਦਰ ਪ੍ਰਭੂ, ਬਿੱਕਰ ਸਿੰਘ ਔਲਖ, ਸ਼ਿੰਦਰ ਸਿੰਘ ਧੌਲਾ ਨੇ ਕਿਹਾ ਕਿ ਇਨ੍ਹਾਂ ਕੋਡਾਂ ’ਚ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਮੱਦਾਂ ਨੂੰ ਸਨਅਤਕਾਰਾਂ ਅਤੇ ਸਰਮਾਏਦਾਰਾਂ ਦੇ ਹਿੱਤਾਂ ਵਿੱਚ ਨਰਮ ਕੀਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।