ਐਸ.ਬੀ.ਐਸ ਸਕੂਲ ਸੁਰਜੀਤਪੁਰਾ ’ਚ ਵਿਦਿਆਰਥੀ ਕੌਂਸਲ ਚੋਣਾਂ ਕਰਵਾਈਆਂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਐੱਸਬੀਐੱਸ ਪਬਲਿਕ ਸਕੂਲ ਸੁਰਜੀਤਪੁਰਾ ’ਚ ਵਿਦਿਆਰਥੀਆਂ ’ਚ ਨੇਤ੍ਰਿਤਵ ਗੁਣਾਂ ਨੂੰ ਵਿਕਸਤ ਕਰਨ ਤੇ ਲੋਕਤੰਤਰਕ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਕਰਵਾਈਆਂ ਗਈਆਂ। ਇਸ ਚੋਣ ਪ੍ਰਕਿਰਿਆ ’ਚ ਹਾਊਸ ਕੈਪਟਨ, ਹੈੱਡ ਗਰਲ, ਹੈੱਡ ਬੁਆਏ, ਸਪੋਰਟਸ ਹੈੱਡ ਗਰਲ, ਸਪੋਰਟਸ ਹੈੱਡ ਬੁਆੲ ਅਤੇ ਡਿਸ਼ਪਲਿਨ ਇੰਚਾਰਜ ਦੇ ਅਹੁਦਿਆਂ ਲਈ ਚੋਣਾਂ ਕਰਵਾਈਆਂ ਗਈਆਂ। ਇਸ ਮੌਕੇ ਤੇ ਕਲਾਸ 7ਵੀਂ ਤੋਂ 9ਵੀਂ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਨਾਮ ਦਰਜ ਕਰਵਾਏ। ਉਮੀਦਵਾਰਾਂ ਨੇ ਚੋਣਾਂ ਦੌਰਾਨ ਬਹੁਤ ਹੀ ਸਰਗਰਮ ਭੂਮਿਕਾ ਨਿਭਾਈ ਅਤੇ ਵੋਟਾਂ ਪ੍ਰਾਪਤ ਕਰਨ ਲਈ ਪ੍ਰਚਾਰ ਕੀਤਾ। ਉਨ੍ਹਾਂ ਨੇ ਆਪਣਾ ਮੈਨੀਫੈਸਟੋ ਪੇਸ਼ ਕਰਦੇ ਹੋਏ ਸਕੂਲ ਦੇ ਵਿਕਾਸ, ਅਨੁਸ਼ਾਸਨ ਨੂੰ ਮਜ਼ਬੂਤ ਕਰਨ, ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੇ ਹੱਲ ਕਰਨ ਦੇ ਵਾਅਦੇ ਕੀਤੇ। ਵਿਦਿਆਰਥੀਆਂ ਨੇ ਬੜੀ ਹੀ ਸੂਝਬੂਝ ਨਾਲ ਉਮੀਦਵਾਰਾਂ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਦੀ ਯੋਗਤਾ ਦੇ ਅਧਾਰ ਤੇ ਆਪਣਾ ਫੈਸਲਾ ਬਣਾਇਆ। ਚੋਣ ਪ੍ਰਕਿਰਿਆ ’ਚ ਕਲਾਸ ਪਹਿਲੀ ਤੋਂ ਬਾਰਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਵੋਟ ਦਾ ਸਹੀ ਉਪਯੋਗ ਕੀਤਾ। ਸਕੂਲ ’ਚ ਵੋਟਿੰਗ ਦੀ ਪੂਰੀ ਪ੍ਰਕਿਰਿਆ ਬਹੁਤ ਹੀ ਸੁਚੱਜੇ ਅਤੇ ਅਨੁਸ਼ਾਸਨਬੱਧ ਢੰਗ ਨਾਲ ਸੰਪੰਨ ਹੋਈ। ਵਿਦਿਆਰਥੀਆਂ ’ਚ ਵੋਟ ਪਾਉਣ ਲਈ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਇੱਕ ਵਿਦਿਆਰਥੀ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਾਗੀਦਾਰੀ ਨਿਭਾਈ। ਇਸ ਮੌਕੇ ਤੇ ਅਧਿਆਪਕ ਨਰਾਇਸ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਚੋਣਾਂ ਨਾਲ ਵਿਦਿਆਰਥੀ ਲੋਕਤੰਤਰਕ ਪ੍ਰਣਾਲੀ ਦੀ ਅਸਲ ਮਹੱਤਤਾ ਨੂੰ ਸਮਝਦੇ ਹਨ। ਉਨ੍ਹਾਂ ਨੇ ਦੱਸਿਆ ਕਿ ਵੋਟ ਦਾ ਅਧਿਕਾਰ ਹਰ ਨਾਗਰਿਕ ਲਈ ਬਹੁਤ ਕੀਮਤੀ ਹੁੰਦਾ ਹੈ ਅਤੇ ਇਸਦਾ ਸਹੀ ਉਪਯੋਗ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ’ਚ ਸਮਾਜਿਕ ਜ਼ਿੰਮੇਵਾਰੀ ਅਤੇ ਜਾਗਰੂਕਤਾ ਵਧਦੀ ਹੈ। ਵਾਈਸ ਪ੍ਰਿੰਸੀਪਲ ਡਾ. ਸੰਜੇ ਕੁਮਾਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਚੋਣਾਂ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਨੁਭਵ ਹਨ, ਜਿਸ ਨਾਲ ਉਹ ਭਵਿੱਖ ’ਚ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਫਰਜਾਂ ਨੂੰ ਇਮਾਨਦਾਰੀ ਨਾਲ ਨਿਭਾਉਣ। ਸਕੂਲ ਦੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਚੋਣਾਂ ਨਾਲ ਵਿਦਿਆਰਥੀਆਂ ’ਚ ਸਹਿਯੋਗ ਅਤੇ ਆਤਮਵਿਸ਼ਵਾਸ ਦੇ ਗੁਣ ਵਿਕਸਤ ਹੁੰਦੇ ਹਨ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਕਿਰਿਆ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।