ਮਰਦਮਸ਼ੁਮਾਰੀ 2027 : ਚੇਅਰਮੈਨ ਪਰਮਿੰਦਰ ਭੰਗੂ ਨੇ ਕੀਤੀ ਸਵੈ ਗਣਨਾ
ਮਰਦਮਸ਼ੁਮਾਰੀ 2027: ਚੇਅਰਮੈਨ ਪਰਮਿੰਦਰ ਭੰਗੂ ਨੇ ਕੀਤੀ ਸਵੈ ਗਣਨਾ
Publish Date: Wed, 06 May 2026 04:21 PM (IST)
Updated Date: Wed, 06 May 2026 04:23 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਪੋਰਟਲ ਤੇ ਆਪਣੇ ਵੇਰਵੇ ਭਰ ਕੇ ਸਵੈ ਗਣਨਾ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ ’ਤੇ ਜਾ ਕੇ ਸਵੈ ਗਣਨਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਵੈ ਗਣਨਾ 30 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 14 ਮਈ 2026 ਤੱਕ ਖੁਦ ਜਾਣਕਾਰੀ ਭਰਨ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ 15 ਮਈ ਤੋਂ 13 ਜੂਨ 2026 ਤੱਕ ਘਰਾਂ ਦੀ ਸੂਚੀਕਰਨ (HLO) ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ, ਜਿਸ ’ਚ ਗਿਣਤੀਕਾਰ ਘਰ ਘਰ ਜਾ ਕੇ ਗਿਣਤੀ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਵੀ ਸਵੈ ਗਣਨਾ ਕੀਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਵੇਰਵੇ ਆਪ ਭਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਵੈ ਗਣਨਾ ਲਈ ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ ਤੇ ਜਾਣਾ ਹੈ। ਭਾਸ਼ਾ ਦੀ ਚੋਣ ਕਰੋ ਅਤੇ ਆਪਣੇ ਮੋਬਾਈਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਵਰਤੋਂ ਕਰਕੇ ਪੋਰਟਲ ਤੇ ਲੌਗਇਨ ਕਰੋ। ਪੋਰਟਲ ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਆਪਣੀ ਸਹੂਲਤ ਅਨੁਸਾਰ ਭਰੋ। ਜਿਵੇਂ ਹੀ ਸਫਲਤਾਪੂਰਵਕ ਫਾਰਮ ਸਬਮਿਟ ਹੋਵੇਗਾ, ਨਾਗਰਿਕ ਨੂੰ ਇੱਕ ਸੈਲਫ-ਐਨੂਮਰੇਸ਼ਨ ਆਈ ਡੀ ਜਨਰੇਟ ਕਰਕੇ ਦੇਵੇਗਾ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈ ਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।