ਟ੍ਰਾਈਡੈਂਟ ਗਰੁੱਪ ਵੱਲੋਂ ਬਰਨਾਲਾ ’ਚ ਪਾਰਾਲੀ ਪ੍ਰਬੰਧਨ ਲਈ 5 ਲੱਖ ਰੁਪਏ ਦਾ ਯੋਗਦਾਨ
ਟ੍ਰਾਈਡੈਂਟ ਗਰੁੱਪ ਵੱਲੋਂ ਬਰਨਾਲਾ ’ਚ ਪਾਰਾਲੀ ਪ੍ਰਬੰਧਨ ਲਈ 5 ਲੱਖ ਰੁਪਏ ਦਾ ਯੋਗਦਾਨ, ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਕੀਤਾ ਧੰਨਵਾਦ
Publish Date: Sat, 18 Oct 2025 04:13 PM (IST)
Updated Date: Sun, 19 Oct 2025 04:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ’ਚ ਪਾਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਤੇ ਵਾਤਾਵਰਣ ਪ੍ਰਦੂਸ਼ਣ ਘਟਾਉਣ ਵਾਸਤੇ ਟ੍ਰਾਈਡੈਂਟ ਗਰੁੱਪ ਨੇ ਇਕ ਮਹੱਤਵਪੂਰਨ ਪਹੁੰਚ ਕੀਤੀ ਹੈ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੰਪਨੀ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਸੀਐੱਸਆਰ ਫੰਡ ਵਿੱਚੋਂ 5 ਲੱਖ ਰੁਪਏ ਦਾ ਚੈੱਕ ਡੀਸੀ ਟੀ. ਬੈਨਿਥ ਨੂੰ ਸੌਂਪਿਆ। ਇਹ ਰਕਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ-ਸਿਟੂ ਤੇ ਐਕਸ-ਸਿਟੂ ਪਾਰਾਲੀ ਪ੍ਰਬੰਧਨ ਪ੍ਰੋਜੈਕਟਾਂ ਲਈ ਵਰਤੀ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਮਸ਼ੀਨਰੀ ਦੀ ਉਪਲਬਧਤਾ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਚੈਕ ਪ੍ਰਾਪਤ ਕਰਦੇ ਸਮੇਂ ਟ੍ਰਾਈਡੈਂਟ ਗਰੁੱਪ ਅਤੇ ਖ਼ਾਸ ਤੌਰ ‘ਤੇ ਮੈਂਬਰ ਰਾਜ ਸਭਾ ਪਦਮਸ੍ਰੀ ਰਾਜਿੰਦਰ ਗੁਪਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਾਲੀ ਸਾੜਨ ਦੀ ਸਮੱਸਿਆ ਨਾ ਸਿਰਫ਼ ਹਵਾ ਪ੍ਰਦੂਸ਼ਣ ਵਧਾਉਂਦੀ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾਂਦੀ ਹੈ। ਇਸ ਲਈ ਸੀਐਸਆਰ ਰਾਹੀਂ ਮਿਲਣ ਵਾਲਾ ਸਹਿਯੋਗ ਸਥਿਰ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਅਤੇ ਸਾਫ਼ ਵਾਤਾਵਰਣ ਬਣਾਉਣ ਲਈ ਬਹੁਤ ਜ਼ਰੂਰੀ ਹੈ। ਰੁਪਿੰਦਰ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਸਮਾਜਿਕ ਤੇ ਵਾਤਾਵਰਣਕ ਜਿੰਮੇਵਾਰੀਆਂ ਨੂੰ ਹਮੇਸ਼ਾਂ ਗੰਭੀਰਤਾ ਨਾਲ ਨਿਭਾਂਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਕੰਪਨੀ ਵੱਲੋਂ ਸਿੱਖਿਆ, ਸਿਹਤ, ਪਾਣੀ ਸੰਭਾਲ ਤੇ ਹਰੇਲੀ ਮੁਹਿੰਮਾਂ ‘ਚ ਵੀ ਯੋਗਦਾਨ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਹੋਰ ਉਦਯੋਗਿਕ ਇਕਾਈਆਂ ਵੀ ਇਸੇ ਤਰ੍ਹਾਂ ਸੀਐਸਆਰ ਯੋਗਦਾਨ ਦੇਣ, ਤਾਂ ਜ਼ਿਲ੍ਹੇ ‘ਚ ਪਾਰਾਲੀ ਸਾੜਨ ਦੀ ਪ੍ਰਵਿਰਤੀ ‘ਤੇ ਪ੍ਰਭਾਵਸ਼ਾਲੀ ਰੋਕ ਲਾਈ ਜਾ ਸਕਦੀ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਉਪਲਬਧ ਮਸ਼ੀਨਰੀ ਅਤੇ ਸਹੂਲਤਾਂ ਦੀ ਵਰਤੋਂ ਕਰਕੇ ਪਾਰਾਲੀ ਸਾੜਨ ਦੀ ਥਾਂ ਇਸਦਾ ਵਿਗਿਆਨਕ ਪ੍ਰਬੰਧਨ ਕਰਨ।