ਮੁੱਖ ਮਾਰਗ ’ਤੇ ਗੱਡੀ ਗਿਣਤੀ ’ਚ ਰੁੱਖ ਅੱਗ ਨਾਲ ਸੜੇ, ਅਧਿਕਾਰੀ ਬੇਖ਼ਬਰ

-ਪੜ੍ਹਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ : ਰੇਂਜ ਅਫ਼ਸਰ ਬਰਨਾਲਾ
---
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜਮੀਨ ’ਚ ਖੜੇ ਸਰਕਾਰੀ ਹਰੇ ਭਰੇ ਵੱਡੀ ਗਿਣਤੀ ’ਚ ਰੁੱਖ ਅੱਗ ਨਾਲ ਸੜਕੇ ਸੁਆਹ ਹੋ ਗਏ ਹਨ। ਸਰਕਾਰੀ ਰੁੱਖਾਂ ਦੀ ਰੱਖਿਆ ਲਈ ਜਿੰਮੇਵਾਰ ਵਿਭਾਗ ਦੇ ਸਰਕਾਰੀ ਅਧਿਕਾਰੀ ਬੇਖ਼ਬਰ ਨਜ਼ਰ ਆ ਰਹੇ ਹਨ।
ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਪਿੰਡ ਪੱਖੋ ਕਲਾਂ ਵਿਖੇ ਅੱਗ ਨਾਲ ਸੜੇ ਦਰਜਨਾਂ ਰੁੱਖਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਚਰਨ ਸਿੰਘ ਰੂੜੇਕੇ ਕਲਾਂ ਨੇ ਦੱਸਿਆ ਕਿ ਪੱਖੋ ਕਲਾਂ ਵਿਖੇ ਬਰਨਾਲਾ ਮਾਨਸਾ ਮਾਰਗ ਦੀਆਂ ਸਾਈਡਾਂ ਤੇ ਖੜ੍ਹੇ ਸਰਕਾਰੀ ਹਰੇ ਭਰੇ ਰੁੱਖ ਤੇ ਰੂੜੇਕੇ ਕਲਾਂ ਤੋਂ ਕਾਹਨੇਕੇ ਨੂੰ ਜਾਂਦੇ ਮਾਰਗ ਦੀਆਂ ਸਾਈਡਾਂ ’ਤੇ ਨਜ਼ਦੀਕ ਟਾਈਲ ਫੈਕਟਰੀ ਰੂੜੇਕੇ ਕਲਾਂ ਵਿਖੇ ਮਗਨਰੇਗਾ ਸਕੀਮ ਤਹਿਤ ਲਗਾਏ ਦਰਜਨਾਂ ਬੂਟੇ ਅੱਗ ਦੀ ਲਪੇਟ ਵਿਚ ਆਉਣ ਕਰਕੇ ਸੜ੍ਹ ਕੇ ਸੁਆਹ ਹੋ ਗਏ ਹਨ। ਜਿਹੜੇ ਰੁੱਖ ਅੱਗ ਦੀ ਲਪੇਟ ’ਚ ਆ ਜਾਂਦੇ ਹਨ ਉਹ ਹੋਲੀ ਹੋਲੀ ਕਰਕੇ ਸੁਕ ਕੇ ਖ਼ਤਮ ਹੋ ਜਾਂਦੇ ਹਨ।
ਪਿਛਲੇ ਸਾਲਾਂ ਤੋਂ ਲੈ ਕੇ ਹਰ ਛੇ ਮਹੀਨੇ ਬਾਅਦ ਜ਼ਿਲਾ ਬਰਨਾਲਾ ਦੇ ਮਾਰਗਾਂ, ਸੜ੍ਹਕਾਂ, ਰਸਤਿਆਂ, ਪਹੀਆਂ, ਪਾਣੀ ਵਾਲੇ ਰਜਵਾਹਿਆਂ, ਨਹਿਰੀ ਖਾਲਾਂ, ਸਾਮਲਾਤ ਜਮੀਨਾਂ ਤੇ ਹੋਰ ਜਨਤਕ ਸਥਾਨਾਂ ’ਤੇ ਖੜੇ ਸੈਂਕੜੇ ਰੁੱਖ ਅੱਗ ਦੀ ਲਪੇਟ ’ਚ ਆ ਕੇ ਸੜ੍ਹ ਸੁਆਹ ਹੋ ਜਾਂਦੇ ਹਨ। ਪੰਜਾਬ ’ਚ ਰੁੱਖਾਂ ਦੀ ਗਿਣਤੀ ਬਹੁੱਤ ਜਿਆਦਾ ਘੱਟ ਚੁੱਕੀ ਹੈ। ਜਿਸ ਕਰਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਗਹਿਰੀ ਚਿੰਤਾਂ ਜਾਹਿਰ ਕਰਦਿਆਂ ਪੰਜਾਬ ਰਾਜ ’ਚ ਹਰੇ ਭਰੇ ਰੁੱਖ ਕੱਟਣ ’ਤੇ ਆਪਣੇ ਹੁਕਮਾਂ ਰਾਹੀਂ ਪੂਰਨ ਪਾਬੰਦੀ ਲਗਾਈ ਹੈ। ਪੰਜਾਬ ’ਚ ਰੁੱਖਾਂ ਦੀ ਘਾਟ ਕਾਰਨ ਚੌਗਿਰਦੇ ’ਚੋਂ ਆਕਸੀਜਨ ਗੈਸ ਦੀ ਮਾਤਰਾਂ ਬਹੁੱਤ ਜ਼ਿਆਦਾ ਘੱਟ ਰਹੀ ਹੈ। ਇਸ ਕਰਕੇ ਪੰਜਾਬ ਦੀ ਧਰਤੀ ਤੇ ਦਿਨੋਂ ਦਿਨ ਗਰਮੀ ਵੱਧ ਰਹੀ ਹੈ। ਚੌਗਿਰਦੇ ਦਾ ਸੰਤੁਲਨ ਵਿਗੜਨ ਕਰਕੇ ਮਨੁੱਖਾਂ ਨੂੰ ਭਿਆਨਕ ਬਿਮਾਰੀਆਂ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਸਾਡੇ ਬਜੁਰਗਾਂ ਦੀ ਉਮਰ 120 ਸਾਲ ਹੁੰਦੀ ਸੀ। ਭਰ ਜਵਾਨੀ ’ਚ ਕਿਸੇ ਵਿਆਕਤੀ ਦੀ ਮੌਤ ਨਹੀਂ ਹੁੰਦੀ ਸੀ। ਮਨੁੱਖਾਂ ਦੀ ਉਮਰ ਘੱਟਣ ਦਾ ਕਾਰਨ ਪੰਜਾਬ ਦੀ ਧਰਤੀ ਤੋਂ ਰੁੱਖਾਂ ਦੀ ਗਿਣਤੀ ਘੱਟਣ ਕਾਰਨ ਵਾਯੂਮੰਡਲ ਦਾ ਵਿਗੜਿਆਂ ਸੰਤੁਲਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਵਣ ਵਿਭਾਗ ਦੇ ਅਧਿਕਾਰੀ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ’ਚ ਆਉਣ ਕਰਕੇ ਹੋ ਰਹੇ ਹਰੇ ਭਰੇ ਰੁੱਖਾਂ ਦਾ ਨੁਕਸਾਨ ਬਚਾਉਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ, ਵਣ ਵਿਭਾਗ ਪੰਜਾਬ ਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਬਰਨਾਲਾ ਵਿਖੇ ਮਾਰਗਾਂ ਦੀਆਂ ਸਾਈਡਾਂ ‘ਤੇ ਖੜੇ ਸਰਕਾਰੀ ਰੁੱਖਾਂ ਦੇ ਅੱਗ ਨਾਲ ਹੋਏ ਨੁਕਸਾਨ ਸਬੰਧੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਪੜ੍ਹਤਾਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਦਸ ਹਜ਼ਾਰ ਨਵਾ ਬੂਟਾ ਲਗਾ ਕੇ ਸੰਭਾਲ ਕੀਤੀ ਜਾਵੇ। ਇਸ ਸਬੰਧੀ ਰੇਂਜ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਕੇਕਾਰਵਾਈ ਕੀਤੀ ਜਾਵੇਗੀ।