ਸਿਵਲ ਹਸਪਤਾਲ ’ਚ ਹਰ ਤਰ੍ਹਾਂ ਦਾ ਬਲੱਡ ਗਰੁੱਪ ਉਪਲਬਧ
ਸਿਵਲ ਹਸਪਤਾਲ ’ਚ ਬਲੱਡ ਸਟੋਰੇਜ ਯੂਨਿਟ ਦੀ ਸਹੂਲਤ, ਐਮਰਜੈਂਸੀ ਦੌਰਾਨ ਹਰ ਤਰ੍ਹਾਂ ਦਾ ਬਲੱਡ ਗਰੁੱਪ ਉਪਲਬਧ
Publish Date: Fri, 24 Apr 2026 05:42 PM (IST)
Updated Date: Sat, 25 Apr 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿਹਤ ਵਿਭਾਗ ਬਰਨਾਲਾ, ਡਾਇਰੈਕਟਰ ਸਿਹਤ ਵਿਭਾਗ ਪੰਜਾਬ ਤੇ ਡੀਸੀ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾ. ਹਰੀਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ’ਚ ਗਰਭਵਤੀ ਔਰਤਾਂ, ਸੜਕੀ ਹਾਦਸਿਆਂ ਜਾਂ ਕਿਸੇ ਵੀ ਐਮਰਜੈਂਸੀ ਲਈ ਹਰ ਪ੍ਰਕਾਰ ਦਾ ਬਲੱਡ ਗਰੁੱਪ ਉਪਲਬਧ ਹੈ। ਜਦੋਂ ਵੀ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ ਤਾਂ ਉਸ ਸਮੇਂ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਡਾ. ਅਯੂਸ਼ ਬਡਲਾਨ ਬਲੱਡ ਟਰਾਂਸਫਿਊਜ਼ਨ ਅਫ਼ਸਰ ਨੇ ਦੱਸਿਆ ਕਿ ਬਲੱਡ ਬੈਂਕ ਬਰਨਾਲਾ ਵੱਲੋਂ ਬਲੱਡ ਬੈਂਕ ਸੰਗਰੂਰ ਨਾਲ ਤਾਲਮੇਲ ਕਰਕੇ ਸਮੇਂ-ਸਮੇਂ ’ਤੇ ਖੂਨ ਲਿਆ ਜਾਂਦਾ ਹੈ। ਖੂਨ ਇਕੱਤਰ ਕਰਨ ਤੋਂ ਬਾਅਦ ਜਾਂਚ ਲਈ ਬਲੱਡ ਬੈਂਕ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 28 ਜਨਵਰੀ 2026 ਤੋਂ ਸਿਵਲ ਹਸਪਤਾਲ ਬਰਨਾਲਾ ਦੀ ਪੁਰਾਣੀ ਇਮਾਰਤ ਦੇ ਕਮਰਾ ਨੰਬਰ 12 ਨੂੰ ਬਲੱਡ ਸਟੋਰੇਜ ਯੂਨਿਟ ਬਣਾਇਆ ਹੋਇਆ ਹੈ ਜਿੱਥੇ ਲੋੜ ਅਨੁਸਾਰ ਖੂਨ ਸਟੋਰ ਕੀਤਾ ਗਿਆ ਹੈ। ਕਿਸੇ ਵੀ ਆਗਾਮੀ ਹਾਲਤ ’ਚ ਲੋੜ ਅਨੁਸਾਰ ਖੂਨ ਦੇ ਦਿੱਤਾ ਜਾਂਦਾ ਹੈ। ਜੇਕਰ ਕੋਈ ਦੁਰਲੱਭ ਬਲੱਡ ਗਰੁੱਪ ਵਾਲੇ ਮਰੀਜ਼ ਨੂੰ ਲੋੜ ਹੁੰਦੀ ਹੈ ਤਾਂ ਉਸ ਦੀ ਸਹੂਲਤ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਮਰੀਜ਼ ਨੂੰ ਬਲੱਡ ਬੈਂਕ ਸੰਗਰੂਰ ਵਿਖੇ ਲੈ ਕੇ ਜਾਣ ਅਤੇ ਆਉਣ ਲਈ ਬਿਲਕੁਲ ਮੁਫਤ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਬਾਹਰੋਂ ਖੂਨ ਲਿਆਉਣ ਦੀ ਲੋੜ ਨਾ ਪਵੇ।