ਘਰ ’ਚ ਦਾਖਲ ਹੋ ਕੇ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਵਾਲੇ 3 ਕਾਬੂ
ਘਰ ’ਚ ਦਾਖਲ ਹੋ ਕੇ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਵਾਲੇ ਤਿੰਨ ਵਿਅਕਤੀ ਕਾਬੂ
Publish Date: Mon, 27 Apr 2026 03:54 PM (IST)
Updated Date: Tue, 28 Apr 2026 04:02 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਖੇਤਾਂ ਦੀ ਸਾਂਝੀ ਮੋਟਰ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਹਿੰਸਕ ਰੂਪ ਧਾਰ ਲਿਆ, ਜਦੋਂ ਕੁਝ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ 2 ਵਿਅਕਤੀਆਂ ’ਤੇ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਸਦਰ ਬਰਨਾਲਾ ’ਚ ਮਾਮਲਾ ਦਰਜ ਕਰ ਕੇ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਖਣ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਕੋਠੇ ਗੁਰੂ ਧਨੌਲਾ ਖੁਰਦ ਦੇ ਬਿਆਨਾਂ ’ਤੇ ਪੁਲਿਸ ਨੇ ਜਗਸੀਰ ਸਿੰਘ ਉਰਫ ਰਾਜੂ, ਮਨਪ੍ਰੀਤ ਸਿੰਘ ਉਰਫ ਮਾਣੀ ਅਤੇ ਵਿੱਕੀ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਇਹ ਹੈ ਮਿਤੀ 24 ਅਪ੍ਰੈਲ 2026 ਨੂੰ ਮਨਪ੍ਰੀਤ ਸਿੰਘ ਅਤੇ ਵਿੱਕੀ ਸਿੰਘ ਨੇ ਜਗਸੀਰ ਸਿੰਘ ਦੇ ਕਹਿਣ ’ਤੇ ਲਖਵੀਰ ਸਿੰਘ ਦੇ ਘਰ ’ਚ ਦਾਖਲ ਹੋ ਕੇ ਲਖਵੀਰ ਸਿੰਘ ਤੇ ਮੱਖਣ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਲਖਵੀਰ ਸਿੰਘ ਤੇ ਜਗਸੀਰ ਸਿੰਘ ਵਿਚਕਾਰ ਖੇਤਾਂ ਦੀ ਪਾਣੀ ਵਾਲੀ ਸਾਂਝੀ ਮੋਟਰ ਨੂੰ ਲੈ ਕੇ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਇਹ ਹਮਲਾ ਕਰਵਾਇਆ ਗਿਆ। ਹਮਲੇ ਦੌਰਾਨ ਮੱਖਣ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ’ਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬੂਟਾ ਸਿੰਘ ਨੇ ਦੱਸਿਆ ਕਿ 26 ਅਪ੍ਰੈਲ ਨੂੰ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਪਲਟੀਨਾ ਤੇ ਹਮਲੇ ਲਈ ਵਰਤੀ ਗਈ ਲੋਹੇ ਦੀ ਕਿਰਚ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਕੱਲ੍ਹ ਅਦਾਲਤ ’ਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।