4 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਰੋਸ
ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਮੁਲਾਜਮਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ
Publish Date: Mon, 27 Apr 2026 04:23 PM (IST)
Updated Date: Tue, 28 Apr 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਨਰੇਗਾ ਕਰਮਚਾਰੀਆਂ ਨੂੰ ਬਰਨਾਲਾ ’ਚ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਤੇ ਅਮਨਦੀਪ ਸਿੰਘ ਕੱਟੂ ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨਰੇਗਾ ਮੁਲਾਜ਼ਮਾਂ ਨੂੰ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਦੇਣ ਕਰ ਕੇ ਅੱਖੋਂ ਪਰੋਖੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ 2026 ਤੋਂ ਤਨਖ਼ਾਹਾਂ ’ਚ 10 ਫ਼ੀਸਦੀ ਵਾਧਾ ਵੀ ਅਜੇ ਤੱਕ ਨਹੀਂ ਕੀਤਾ l ਇਸ ਕਾਰਨ ਮੁਲਾਜ਼ਮਾਂ ਨੂੰ ਆਪਣੇ ਘਰ ਦਾ ਗੁਜਾਰਾ ਤੇ ਦਫ਼ਤਰੀ ਕੰਮਾਂ ’ਚ ਆਉਣ-ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਕਿ ਬੱਚਿਆਂ ਦੇ ਦਾਖਲੇ ਤੇ ਸਾਲ ਭਰ ਦੀ ਕਣਕ ਵੀ ਖਰੀਦਣੀ ਹੈl ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਗੂਲਰ ਮੁਲਾਜ਼ਮਾਂ ਦੀ ਬਜਾਏ ਕੱਚੇ ਮੁਲਾਜ਼ਮਾਂ ਤੋਂ ਪੀਐੱਮਏਵਾਈ ਦੇ ਕੱਚੇ ਘਰਾਂ ਦਾ ਵੈਰੀਫ਼ਿਕੇਸ਼ਨ ਤੇ ਪੀਡੀਐੱਫ ਰਾਸ਼ਨ ਕਾਰਡਾ ਦੇ ਸਰਵੇ ਵੀ ਇਨ੍ਹਾਂ ਮੁਲਾਜ਼ਮਾ ਤੋਂ ਕਰਵਾਇਆ ਜਾ ਰਿਹਾ ਹੈ, ਜਦੋਂਕਿ ਜੇਡੀਸੀ ਮਨਰੇਗਾ ਮੋਹਾਲੀ ਵੱਲੋਂ ਪੱਤਰ ਜਾਰੀ ਕੀਤਾ ਹੋਇਆ ਹੈ ਕਿ ਕੱਚੇ ਮੁਲਾਜ਼ਮਾਂ ਤੋਂ ਵਾਧੂ ਕੰਮ ਨਹੀਂ ਲਿਆ ਜਾਵੇਗਾ। ਪਰ ਇਨ੍ਹਾਂ ਮੁਲਾਜ਼ਮਾਂ ਤੋਂ ਫਿਰ ਵੀ ਰੈਗੂਲਰ ਮੁਲਾਜ਼ਮਾਂ ਨਾਲੋਂ ਵੱਧ ਕੰਮ ਲਿਆ ਜਾ ਰਿਹਾ ਹੈ। ਇਨ੍ਹਾਂ ਕੱਚੇ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾਂਦਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਤੇ ਡੀਸੀ ਬਰਨਾਲਾ ਕੋਲੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਕੀਤੀ ਜਾਵੇ ਤੇ ਵਾਧੂ ਲਏ ਜਾ ਰਹੇ ਕੰਮ ਬੰਦ ਕੀਤੇ ਜਾਣ।