ਕੱਚੇ ਸਫ਼ਾਈ ਕਾਮਿਆਂ ਵੱਲੋਂ ਧਰਨਾ ਜਾਰੀ
ਕੱਚੇ ਸਫਾਈ ਕਾਮਿਆਂ ਵੱਲੋਂ 8ਵੇਂ ਦਿਨ ਵੀ ਧਰਨਾ ਜਾਰੀ
Publish Date: Wed, 13 May 2026 06:42 PM (IST)
Updated Date: Wed, 13 May 2026 06:45 PM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਨਗਰ ਕੌਂਸਲ ਦਫ਼ਤਰ ਵਿਖੇ ਪਿਛਲੇ ਅੱਠ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਆਊਟਸੋਰਸ ਮੁਲਾਜ਼ਮਾਂ ਅਤੇ ਕੱਚੇ ਸਫਾਈ ਕਾਮਿਆਂ ਵੱਲੋਂ ਅੱਜ ਸ਼ਹਿਰ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਰੈਲੀ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਰੋਸ ਰੈਲੀ ਵਿੱਚ ਆਊਟਸੋਰਸ ਤਹਿਤ ਕੰਮ ਕਰ ਰਹੇ ਕੰਪਿਊਟਰ ਓਪਰੇਟਰ, ਕਲਰਕ, ਡਾਟਾ ਐਂਟਰੀ ਓਪਰੇਟਰ, ਮਾਲੀ-ਕਮ ਚੌਂਕੀਦਾਰ, ਸੇਵਾਦਾਰ, ਪੰਪ ਓਪਰੇਟਰ, ਡਰਾਈਵਰ, ਇਲੈਕਟਰੀਸ਼ਨ ਆਦਿ ਕਰਮਚਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਕੱਚੇ ਸਫਾਈ ਕਰਮਚਾਰੀਆਂ ਨੇ ਭਾਗ ਲਿਆ। ਮੁਲਾਜ਼ਮਾਂ ਦੇ ਹੱਥਾਂ ਵਿੱਚ ਬੈਨਰ, ਝੰਡੇ ਅਤੇ ਮੰਗਾਂ ਸਬੰਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਉਹ ਬਰਾਬਰ ਕੰਮ ਬਰਾਬਰ ਤਨਖਾਹ , ਕਾਮੇ ਪੱਕੇ ਕਰੋ , ਆਊਟਸੋਰਸ ਪ੍ਰਥਾ ਖ਼ਤਮ ਕਰੋ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਬੰਦ ਕਰੋ ਵਰਗੇ ਨਾਅਰੇ ਲਗਾ ਰਹੇ ਸਨ। ਰੋਸ ਰੈਲੀ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਈ ਜੋ ਕਿ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਸਰਵਿਸ ਰੋਡ ਤੋਂ ਹੁੰਦੀ ਹੋਈ ਬਲਿਆਲ ਰੋਡ ਕਟ ਤੱਕ ਪਹੁੰਚੀ। ਇਸ ਤੋਂ ਬਾਅਦ ਰੋਸ ਰੈਲੀ ਮੇਨ ਬਾਜ਼ਾਰ, ਗਊਸ਼ਾਲਾ ਚੌਂਕ ਅਤੇ ਭਗਤ ਸਿੰਘ ਚੌਂਕ ਤੋਂ ਹੁੰਦੀ ਹੋਈ ਨਗਰ ਕੌਂਸਲ ਦਫਤਰ ਵਿਖੇ ਪਹੁੰਚੀ। ਰੈਲੀ ਦੌਰਾਨ ਸ਼ਹਿਰ ਦੇ ਲੋਕਾਂ ਨੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਹਮਦਰਦੀ ਪ੍ਰਗਟ ਕੀਤੀ। ਧਰਨਾਕਾਰੀ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨਾ ਤਾਂ ਕੋਈ ਪੱਕੀ ਨੌਕਰੀ ਦੀ ਗਾਰੰਟੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਹੋਰ ਸਰਕਾਰੀ ਮੁਲਾਜ਼ਮਾਂ ਵਾਂਗ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫਾਈ ਪ੍ਰਣਾਲੀ ਤੋਂ ਲੈ ਕੇ ਦਫ਼ਤਰੀ ਕੰਮਕਾਜ ਤੱਕ ਵੱਖ-ਵੱਖ ਵਿਭਾਗਾਂ ਵਿੱਚ ਇਹ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨਾਲ ਸੌਤੇਲਾ ਵਤੀਰਾ ਅਪਣਾਇਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਮੁਕੇਸ਼ ਮਲੌਦ, ਸਫਾਈ ਸੇਵਕ ਯੂਨੀਅਨ ਪੰਜਾਬ ਇਕਾਈ ਭਵਾਨੀਗੜ੍ਹ ਦੇ ਬਲਾਕ ਪ੍ਰਧਾਨ ਜਗਮੇਲ ਸਿੰਘ ਬਿੱਟੂ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਮ ਸਰੂਪ, ਚਰਨਜੀਤ ਕੌਰ ਸੈਕਟਰੀ, ਜੀਤ ਸਿੰਘ, ਗੁਰਮੇਲ ਸਿੰਘ ਚੇਅਰਮੈਨ, ਹਰੀ ਕ੍ਰਿਸ਼ਨ, ਸੀਨੀਅਰ ਪ੍ਰਧਾਨ ਜਗਸੀਰ ਸਿੰਘ, ਮਨਪ੍ਰੀਤ ਸ਼ਰਮਾ, ਰਾਜ ਸਿੰਘ, ਹਰਮੀਤ ਸਿੰਘ, ਬਿੰਦੂ ਬਾਲਾ, ਗੀਤਾ, ਕਿਰਨ, ਰਵੀ ਮੌਜੂਦ ਸਨ।