ਮੁਲਜ਼ਮਾਂ ਦੇ ਵਾਰਿਸ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜੇ
ਮੁਲਜ਼ਮਾਂ ਦੇ ਵਾਰਿਸ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜੇ
Publish Date: Wed, 06 May 2026 05:14 PM (IST)
Updated Date: Wed, 06 May 2026 05:14 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਬੀਤੇ ਦਿਨੀਂ ਸ਼ਹਿਰ ਦੀ ਕ੍ਰਿਸ਼ਨਾ ਬਸਤੀ ਬਾੜਾ ਵਿੱਚ ਹੋਏ ਨੌਜਵਾਨ ਦੇ ਕਤਲ ਮਾਮਲੇ ਵਿੱਚ ਬੇਸ਼ੱਕ ਪੁਲਿਸ ਹਾਲੇ ਤੱਕ ਅਸਲ ਮੁਲਜ਼ਮਾਂ ਤੱਕ ਨਹੀ ਪਹੁੰਚ ਸਕੀ, ਪਰ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਹਿਰਾਸਤ ਵਿੱਚ ਲਏ ਵਾਰਿਸਾਂ ਨੂੰ ਬੁੱਧਵਾਰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਦੀ ਰਾਤ ਨੂੰ ਇਕ ਕੁੜੀ ਦੇ ਪਿੱਛੇ ਹੋਏ ਝਗੜੇ ਦੌਰਾਨ ਦੋ ਨੌਜਵਾਨਾਂ ਮੁਹੰਮਦ ਉਮਮਾਨ ਉਰਫ ਉਸਮਾਨ ਅਤੇ ਮੁਹੰਮਦ ਨੁਮਾਨ ਨੇ 16 ਸਾਲ ਦੇ ਨੌਜਵਾਨ ਅਰਸ਼ਦੀਪ ਸਿੰਘ ’ਤੇ ਤੇਜ਼ਧਾਰ ਹਥਿਆਰ (ਕਿਰਚ) ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਦਕਿ ਉਸ ਦਾ ਚਚੇਰਾ ਭਰਾ ਅਵਨੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜੋ ਹਾਲੇ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਨੌਜਵਾਨ ਦੇ ਕਤਲ ਤੋਂ ਬਾਅਦ ਪੀੜਤ ਪਰਿਵਾਰ ਦੇ ਸਮਰਥਣ ਵਿੱਚ ਹਿੰਦੂ ਸੰਗਠਨਾਂ ਅਤੇ ਹੋਰਨਾਂ ਸੰਸਥਾਵਾਂ ਦੇ ਆ ਜਾਣ ਮਗਰੋਂ ਸ਼ਹਿਰ ਦੀ ਸਥਿਤੀ ਕਾਫੀ ਤਨਾਅਪੂਰਨ ਬਣ ਗਈ ਸੀ। ਲੋਕਾਂ ਨੇ ਥਾਣਾ ਸਿਟੀ ਅੱਗੇ ਕਰੀਬ ਦੋ ਘੰਟੇ ਤੱਕ ਜਾਮ ਲਾਈ ਰੱਖਿਆ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਕੀਤੇ ਜਾਂਦੇ, ਉਦੋਂ ਤੱਕ ਅਰਸ਼ਦੀਪ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਮਿਲੇ ਭਰੋਸੇ ਤੋਂ ਬਾਅਦ ਉਹ ਸਸਕਾਰ ਕਰਨ ਲਈ ਮੰਨ ਗਏ ਅਤੇ ਮੰਗਲਵਾਰ ਸ਼ਾਮ ਅਰਸ਼ਦੀਪ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਪਿਤਾ ਮੁਹੰਮਦ ਰਹਿਮਾਨ, ਮਾਤਾ ਸਾਜਿਦਾ, ਮੁਹੰਮਦ ਉਸਮਾਨ, ਜੀਜਾ ਮੁਹੰਮਦ ਯੂਸਫ ਨੂੰ ਧਾਰਾ 249 ਬੀਐੱਨਐੱਸ ਤਹਿਤ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਜਿਨ੍ਹਾਂ ਨੂੰ ਬੁੱਧਵਾਰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਪੁਲਿਸ ਨੇ ਇਨ੍ਹਾਂ ਸਾਰਿਆਂ ਦਾ ਸਿਵਲ ਹਸਪਤਾਲ ਵਿੱਚੋਂ ਮੈਡੀਕਲ ਕਰਵਾਇਆ।