ਪਿੰਡ ਦੁਲਮਸਰ ’ਚ ਸੜਕ ਵਿਵਾਦ ਨੂੰ ਲੈ ਕੇ ਗਰਮ ਹੋਇਆ ਮਾਹੌਲ

- 70 ਸਾਲਾ ਕਿਸਾਨ ਨੇ ਖੁਦਕੁਸ਼ੀ ਦੀ ਦਿੱਤੀ ਧਮਕੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਭਦੌੜ ਹਲਕੇ ਦੇ ਸ਼ਹਿਣਾ ਬਲਾਕ ਦੇ ਪਿੰਡ ਦੁਲਮਸਰ ’ਚ ਸੜਕ ਵਿਵਾਦ ਨੂੰ ਲੈ ਕੇ ਮਾਹੌਲ ਗਰਮਾ ਗਿਆ। ਜਿਸ ਕਾਰਨ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਤੇ ਪੂਰਾ ਇਲਾਕਾ ਪੁਲਿਸ ਛਾਉਣੀ ਬਣ ਗਿਆ। ਜਾਣਕਾਰੀ ਅਨੁਸਾਰ ਇਸ ਵਿਵਾਦ ਨੂੰ ਲੈ ਕੇ 70 ਸਾਲਾ ਕਿਸਾਨ ਜੋਗਿੰਦਰ ਸਿੰਘ ਪੈਟਰੋਲ ਤੇ ਸਪਰੇਅ ਬੋਤਲ ਨਾਲ ਲੈ ਕੇ ਆਪਣੇ ਘਰ ਦੀ ਛੱਤ ’ਤੇ ਚੜ੍ਹ ਗਿਆ ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਕਥਿਤ ਤੌਰ ’ਤੇ ਉਨ੍ਹਾਂ ਦਾ ਆਪਣੇ ਗੁਆਂਢੀ ਨਾਲ ਉਨ੍ਹਾਂ ਦੇ ਘਰਾਂ ਵਿਚਕਾਰਲੀ ਸੜਕ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਮੌਕੇ ਜੋਗਿੰਦਰ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਪੰਚ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਨੇੜੇ ਸੜਕ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ 1966 ਤੋਂ ਉੱਥੇ ਲਗਭਗ ਸੱਤ ਪਰਿਵਾਰ ਰਹਿ ਰਹੇ ਹਨ, ਤੇ ਇਨ੍ਹਾਂ ਸਾਰੇ ਸਾਲਾਂ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਸਰਪੰਚ ਚੋਣਾਂ ਤੋਂ ਬਾਅਦ ਜਾਣਬੁੱਝ ਕੇ ਕਾਰਵਾਈ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਮੰਗਲਵਾਰ ਰਾਤ ਤੋਂ ਹੀ ਪੈਟਰੋਲ ਤੇ ਸਪਰੇਅ ਬੋਤਲ ਲੈ ਕੇ ਆਪਣੀ ਛੱਤ ’ਤੇ ਬੈਠਾ ਹੈ। ਇਸ ਦੌਰਾਨ ਪ੍ਰਸ਼ਾਸਨ ਦੀ ਟੀਮ ਪਿੰਡ ਦੀ ਹੱਦਬੰਦੀ ਕਰਨ ਪਹੁੰਚੀ। ਸਥਿਤੀ ਨੂੰ ਦੇਖਦਿਆਂ, ਔਰਤਾਂ, ਬਜ਼ੁਰਗਾਂ, ਨੌਜਵਾਨਾਂ ਤੇ ਕਿਸਾਨ ਸੰਗਠਨਾਂ ਦੇ ਆਗੂਆਂ ਸਮੇਤ ਪਿੰਡ ਵਾਸੀ ਜੋਗਿੰਦਰ ਸਿੰਘ ਦੇ ਸਮਰਥਨ ਵਿੱਚ ਖੜ੍ਹੇ ਹੋ ਗਏ। ਕਈ ਔਰਤਾਂ ਵੀ ਸਪਰੇਅ ਬੋਤਲਾਂ ਲੈ ਕੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਈਆਂ ਤੇ ਚਿਤਾਵਨੀ ਦਿੱਤੀ ਕਿ ਜੇਕਰ ਜੋਗਿੰਦਰ ਸਿੰਘ ਨਾਲ ਕੁਝ ਵੀ ਅਣਸੁਖਾਵਾਂ ਹੁੰਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਪਿੰਡ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ।
ਪਿੰਡ ਦੇ ਸਰਪੰਚ, ਕਿਸਾਨ ਸੰਗਠਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਜੋਗਿੰਦਰ ਸਿੰਘ ਨਾਲ ਕੁਝ ਹੁੰਦਾ ਹੈ, ਤਾਂ ਉਹ ਚੱਟਾਨ ਵਾਂਗ ਉਸ ਦੇ ਨਾਲ ਖੜ੍ਹੇ ਹੋਣਗੇ ਤੇ ਇਨਸਾਫ਼ ਲਈ ਲੜਨਗੇ। ਮੌਕੇ ’ਤੇ ਪਹੁੰਚੇ ਤਪਾ ਮੰਡੀ ਸਬ ਡਵੀਜ਼ਨ ਦੇ ਤਹਿਸੀਲਦਾਰ ਓਂਕਾਰ ਸਿੰਘ ਨੇ ਕਿਹਾ ਕਿ ਹੱਦਬੰਦੀ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੀਤੀ ਜਾ ਰਹੀ ਹੈ, ਪਰ ਪਿੰਡ ਵਾਸੀ ਤੇ ਕਿਸਾਨ ਸੰਗਠਨ ਵਿਰੋਧ ਕਰ ਰਹੇ ਹਨ। ਇਸ ਲਈ ਸਾਵਧਾਨੀ ਵਜੋਂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਦੀ ਬੇਨਤੀ ’ਤੇ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ, ਐਂਬੂਲੈਂਸਾਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਹੱਲ ਕਰਨ ਲਈ ਇੱਕ ਮੀਟਿੰਗ ਚੱਲ ਰਹੀ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਬਜ਼ੁਰਗ ਕਿਸਾਨ ਅਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਰਸਤੇ ਲਈ ਮੌਕੇ ’ਤੇ ਨਿਸ਼ਾਨ ਵੀ ਲਾਏ ਗਏ। ਇਸ ਦੌਰਾਨ ਵਿਵਾਦ ਦੇ ਦੂਜੇ ਪੱਖ ਦੀ ਸੇਵਕ ਸਿੰਘ ਮਾਨ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਇਸ਼ਾਰੇ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਐੱਸਐੱਚਓ ਨੇ ਉਨ੍ਹਾਂ ਦੇ ਘਰ ਤੋਂ ਸੀਸੀਟੀਵੀ ਕੈਮਰੇ ਹਟਾਉਣ ਦੀ ਧਮਕੀ ਦਿੱਤੀ ਹੈ। ਸੇਵਕ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਗਲੀ ਦੇ ਵਿਵਾਦ ਸਬੰਧੀ ਹਾਈ ਕੋਰਟ ’ਚ ਕੇਸ ਦਾਇਰ ਕੀਤਾ ਹੈ ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ, ਪਰ ਉਹ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਹਾਈ ਕੋਰਟ ਨੇ ਕਥਿਤ ਤੌਰ 'ਤੇ ਏਡੀਸੀ ਬਰਨਾਲਾ ਨੂੰ ਵੀ ਇਸ ਮਾਮਲੇ ਵਿੱਚ ਇੱਕ ਧਿਰ ਬਣਾਇਆ ਹੈ ਤੇ 19 ਮਾਰਚ ਤੱਕ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।