ਤੇਜਾ ਸਿੰਘ ਤਿਲਕ ਦੀ ਕਿਤਾਬ ਰਿਲੀਜ਼
ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ਰਿਲੀਜ
Publish Date: Wed, 06 May 2026 05:36 PM (IST)
Updated Date: Wed, 06 May 2026 05:38 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਆਲੋਚਕ ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਬਿਨ ਸਿਰਨਾਵਿਓਂ ਲੋਕ’ ਦਾ ਰਿਲੀਜ਼ ਸਮਾਗਮ ਚਿੰਟੂ ਪਾਰਕ ਬਰਨਾਲਾ ਵਿਖੇ ਹੋਇਆ। ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕਰਨ ਉਪਰੰਤ ਪ੍ਰਸਿੱਧ ਕਵੀ ਸੀ ਮਾਰਕੰਡਾ ਨੇ ਕਿਹਾ ਕਿ ਤਿਲਕ ਦਾ ਸਾਹਿਤਕ ਸਫ਼ਰ ਅੱਧੀ ਸਦੀ ਦਾ ਹੋਣ ਵਾਲਾ ਹੈ। ਉਹ ਭਾਵੇਂ ਹਿੰਦੀ ਦੇ ਅਧਿਆਪਕ ਸਨ। ਪਰ ਪੰਜਾਬੀ ਉਨ੍ਹਾਂ ਦੇ ਸਾਹਾਂ ’ਚ ਰਚੀ ਹੋਈ ਹੈ। ਪਰ ਹਿੰਦੀ ਦੇ ਅਧਿਆਪਕ ਹੋਣ ਕਰਕੇ ਹੀ ਉਨ੍ਹਾਂ ਨੇ ਅਨੁਵਾਦ ਕਾਰਜ ਕੀਤਾ ਹੈ। ਡਾ. ਸੁਰਿੰਦਰ ਸਿੰਘ ਭੱਠਲ ਨੇ ਕਿਹਾ ਕਿ ਤਿਲਕ ਨੇ ਆਪਣੇ ਪਸੰਦੀਦਾ ਅੰਗਰੇਜ਼ੀ ਸਾਹਿਤ ਦਾ ਅਨੁਵਾਦ ਕਰਕੇ ਵੀ ਇਕ ਪੁਸਤਕ ਛਪਵਾਈ ਹੈ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਤਿਲਕ ਦੇ ਘਰੇ ਵਿਸ਼ਾਲ ਲਾਇਬ੍ਰੇਰੀ ਦਾ ਹੋਣਾ ਹੀ ਸਾਹਿਤ ਨੂੰ ਪੂਰਨ ਤੌਰ ਤੇ ਸਮਰਪਣ ਹੋਣ ਦੀ ਗਵਾਹੀ ਹੈ। ਸ਼ਾਇਰ ਤਰਸੇਮ ਨੇ ਕਿਹਾ ਕਿ ਇਸ ਪੁਸਤਕ ’ਚ ਗੱਡੀਆਂ ਵਾਲਿਆਂ ਬਾਰੇ ਲਿਖੀਆਂ ਗਈਆਂ ਚਾਰ ਕਹਾਣੀਆਂ ਅਤੇ ਇਕ ਨਾਵਲੈੱਟ ਸ਼ਾਮਲ ਕੀਤਾ ਗਿਆ ਹੈ। ਜਿਹੜਾ ਪਾਠਕ ਗੱਡੀਆਂ ਵਾਲਿਆਂ ਬਾਰੇ ਜਾਣਨਾ ਚਾਹੁੰਦਾ ਹੈ। ਇਕੋ ਪੁਸਤਕ ’ਚੋਂ ਉਨ੍ਹਾਂ ਦੇ ਜੀਵਨ ਬਾਰੇ ਕਾਫ਼ੀ ਜਾਣਕਾਰੀ ਮਿਲ ਜਾਵੇਗੀ। ਪੰਜਾਬੀ ਕਵੀ ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਤਿਲਕ ਦਾ ਕੀਤਾ ਸੰਪਾਦਨ ਕਾਰਜ, ਅਨੁਵਾਦ ਕਾਰਜ ਅਤੇ ਮੌਲਿਕ ਕਾਰਜ ਉਹਦਾ ਸਾਹਿਤ ਨਾਲ ਗਹਿਰੀ ਸਾਂਝ ਹੋਣ ਦਾ ਪ੍ਰਗਟਾਵਾ ਕਰਦਾ ਹੈ। ਡਾ. ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਨਵੇਂ ਲੇਖਕਾਂ ਨੂੰ ਉਨ੍ਹਾਂ ਦੀ ਕਾਰਜ ਸ਼ੈਲੀ ਅਖਤਿਆਰ ਕਰਨੀ ਚਾਹੀਦੀ ਹੈ। ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਤੇਜਾ ਸਿੰਘ ਤਿਲਕ ਨੂੰ ਮਹਾਰਾਜਾ ਦਲੀਪ ਸਿੰਘ ਬਾਰੇ ਮਰਾਠੀ ਲੇਖਕ ਦੀ ਲਿਖੀ ਪੁਸਤਕ ਤੇ ਨਾਵਲਕਾਰ ਗੁਰਦਿਆਲ ਸਿੰਘ ਅਨੁਵਾਦ ਪੁਰਸਕਾਰ ਵੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਲ ਚੁੱਕਿਆ ਹੈ। ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਤੇਜਾ ਸਿੰਘ ਤਿਲਕ ਆਪਣੇ ਦੋ ਸਹਿਯੋਗੀਆਂ ਨਾਲ ਸਾਂਝੇ ਤੌਰ ਤੇ ਬਰਨਾਲੇ ਦਾ ਇਤਿਹਾਸ ਵੀ ਲਿਖ ਰਹੇ ਹਨ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਗੱਡੀਆਂ ਵਾਲਿਆਂ ਦੇ ਜੀਵਨ ਬਾਰੇ ਲਿਖੀਆਂ ਹੋਰ ਕਹਾਣੀਆਂ ਦੀ ਭਾਲ ਕਰਕੇ ਬਹੁਤ ਛੇਤੀ ਨਵੇਂ ਐਡੀਸ਼ਨ ’ਚ ਸ਼ਾਮਲ ਕੀਤੀਆਂ ਜਾਣਗੀਆਂ। ਸਮਾਗਮ ਵਿਚ ਅਕ੍ਰਿਤੀ ਕੌਸ਼ਲ ਅਤੇ ਮਨੀ ਅਮ੍ਰਿਤਸਰੀ ਨੇ ਆਪਣੇ ਗੀਤ ਸੁਣਾ ਕੇ ਸਮਾਂ ਬੰਨ੍ਹਿਆ। ਇਸ ਮੌਕੇ ਸਰਵਰ ਦੇ ਪ੍ਰਧਾਨ ਬਲਵਿੰਦਰ ਠੀਕਰੀਵਾਲਾ, ਜਨਰਲ ਕੁਲਵੰਤ ਸਿੰਘ ਧਿੰਗੜ , ਮੇਜਰ ਸਿੰਘ ਸਹੌਰ, ਤੇਜਿੰਦਰ ਚੰਡਿਹੋਕ, ਰਘਬੀਰ ਸਿੰਘ ਗਿੱਲ ਕੱਟੂ, ਪਾਲ ਸਿੰਘ ਲਹਿਰੀ ਅਤੇ ਬਿੱਕਰ ਸਿੰਘ ਵੀ ਹਾਜ਼ਰ ਸਨ।