ਸੂਬਾਈ ਵਿਦਿਆਰਥੀ ਚੇਤਨਾ ਪ੍ਰੀਖਿਆ 5 ਤੇ 6 ਨੂੰ
ਤਰਕਸ਼ੀਲ਼ ਸੁਸਾਇਟੀ ਵਲੋਂ ਸੂਬਾਈ ਵਿਦਿਆਰਥੀ ਚੇਤਨਾ ਪ੍ਰੀਖਿਆ 5 ਤੇ 6 ਨੂੰ
Publish Date: Wed, 01 Oct 2025 05:36 PM (IST)
Updated Date: Thu, 02 Oct 2025 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਤਰਕਸ਼ੀਲ਼ ਸੁਸਾਇਟੀ ਪੰਜਾਬ ਵਲੋਂ ਹੜ੍ਹਾਂ ਕਾਰਨ ਅਗਸਤ ਮਹੀਨੇ ਮੁਲਤਵੀ ਕੀਤੀ ਗਈ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸਮੁੱਚੇ ਪੰਜਾਬ ’ਚ ਹੁਣ 5 ਤੇ 6 ਅਕਤੂਬਰ (ਐਤਵਾਰ - ਸੋਮਵਾਰ ) ਨੂੰ ਕਰਵਾਈ ਜਾਵੇਗੀ। ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਮੁਖੀ ਗੁਰਪ੍ਰੀਤ ਸ਼ਹਿਣਾ ਤੇ ਮੀਡੀਆ ਵਿਭਾਗ ਦੇ ਮੁਖੀ ਸੁਮੀਤ ਸਿੰਘ ਨੇ ਦੱਸਿਆ ਕਿ ਇਨਕਲਾਬੀ ਵੀਰਾਂਗਣਾ ਗ਼ਦਰੀ ਗੁਲਾਬ ਕੌਰ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਪ੍ਰੀਖਿਆ ਵਿੱਚ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਸਮੁੱਚੇ ਪੰਜਾਬ ’ਚ ਕੁੱਲ 30223 ਵਿੱਦਿਆਰਥੀ ਰਜਿਸਟਰ ਕੀਤੇ ਗਏ ਹਨ ਅਤੇ 551 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ। ਸਮੁੱਚੇ ਪੰਜਾਬ ’ਚ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਤਰਕਸ਼ੀਲ਼ ਮੈਂਬਰਾਂ ਦੀਆਂ ਡਿਊਟੀਆਂ ਲਗਾਉਣ ਸਮੇਤ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸੰਬੰਧਿਤ ਸਕੂਲ ਮੁਖੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਨੂੰ ਪਹਿਲਾਂ ਵਾਂਗ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਪ੍ਰੀਖਿਆ ਲਈ ਰਜਿਸਟਰ ਕੀਤੇ ਗਏ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾ ਸਕੇ।