ਮਰਦਮਸ਼ੁਮਾਰੀ 2027: ਡਿਪਟੀ ਕਮਿਸ਼ਨਰ, ਐੱਸਐੱਸਪੀ, ਅਦਾਕਾਰਾ ਰੁਪਿੰਦਰ ਰੂਪੀ ਸਮੇਤ ਹੋਰ ਹਸਤੀਆਂ ਨੇ ਕੀਤੀ ਸਵੈ ਗਣਨਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਤਹਿਤ ਸੂਬੇ ’ਚ ਸਵੈ ਗਣਨਾ ਦੀ ਸ਼ੁਰੂਆਤ ਹੋ ਗਈ ਹੈ। ਜ਼ਿਲ੍ਹਾ ਬਰਨਾਲਾ ’ਚ ਡੀਸੀ, ਐੱਸਐੱਸਪੀ, ਉੱਘੀ ਅਦਾਕਾਰਾ ਰੁਪਿੰਦਰ ਰੂਪੀ, ਭੁਪਿੰਦਰ ਸਿੰਘ ਬਰਨਾਲਾ ਸਮੇਤ ਹੋਰ ਹਸਤੀਆਂ ਨੇ ਆਪਣੀ ਗਣਨਾ ਕਰ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਜ਼ਿਲ੍ਹਾ ਵਾਸੀਆਂ ਨੂੰ ਸਵੈ ਗਣਨਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਡੀਸੀ ਸਹਿਤ ਪ੍ਰਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਵੈ ਗਣਨਾ ਪੋਰਟਲ ਖੁੱਲ੍ਹ ਗਿਆ ਹੈ। ਅੱਜ ਉਨ੍ਹਾਂ ਨੇ ਆਪਣੀ ਗਣਨਾ ਖ਼ੁਦ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਮਰਦਮਸ਼ੁਮਾਰੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਓਟੀਪੀ ਕਿਸੇ ਗਿਣਤੀਕਾਰ ਜਾਂ ਹੋਰ ਵਿਅਕਤੀ ਨੂੰ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਸਵੈ ਗਣਨਾ ਬਾਰੇ ਜਾਗਰੂਕ ਕਰਨ ਲਈ ਐੱਸਐੱਮਐੱਸ ਵੀ ਭੇਜੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਜਨਗਣਨਾ ਸਬੰਧੀ ਪੋਸਟਰ ਵੀ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮਰਦਮਸ਼ੁਮਾਰੀ ਭਾਰਤ ਦੇਸ਼ ਦੀ ਹੁਣ ਤੱਕ ਦੀ 16ਵੀਂ ਮਰਦਮਸ਼ੁਮਾਰੀ ਹੈ ਤੇ ਆਜ਼ਾਦੀ ਤੋਂ ਬਾਅਦ ਦੀ 8ਵੀਂ ਹੈ। ਇਸ ਤੋਂ ਪਹਿਲਾਂ 2011 ’ਚ ਮਰਦਮਸ਼ੁਮਾਰੀ ਕਰਵਾਈ ਗਈ ਸੀ, ਜਿਸ ਅਨੁਸਾਰ ਬਰਨਾਲਾ ਜ਼ਿਲ੍ਹੇ ਦੀ ਕੁੱਲ ਅਬਾਦੀ 5,95,527 ਸੀ ਜਿਸ ’ਚ 3,17,522 ਪੁਰਸ਼ ਤੇ 2,78,005 ਔਰਤਾਂ ਸਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਵੀ ਪੋਰਟਲ ਉੱਤੇ ਸਵੈ ਗਣਨਾ ਕੀਤੀ ਤੇ ਜ਼ਿਲ੍ਹੇ ਦੇ ਵਾਸੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ’ਚ ਅੱਗੇ ਆਉਣ। ਇਸ ਮੌਕੇ ਅਦਾਕਾਰਾ ਰੁਪਿੰਦਰ ਰੂਪੀ, ਅਦਾਕਾਰ/ ਡਾਇਰੈਕਟਰ ਭੁਪਿੰਦਰ ਸਿੰਘ ਬਰਨਾਲਾ, ਏਡੀਸੀ (ਜ) ਵਿਵੇਕ ਮੋਦੀ, ਐੱਸਡੀਐੱਮ ਮਹਿਲ ਕਲਾਂ ਕ੍ਰਿਤਿਕਾ ਗੋਇਲ, ਕੌਮਾਂਤਰੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ (ਮੁੱਕੇਬਾਜ਼), ਲੇਖਕ ਤੇਜਾ ਸਿੰਘ ਤਿਲਕ, ਗੁਰਜੰਟ ਸਿੰਘ, ਤਰਸੇਮ, ਸੇਵਾਮੁਕਤ ਕਰਨਲ ਲਾਭ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ ਸਮੇਤ ਹੋਰ ਹਸਤੀਆਂ ਨੇ ਆਪਣੀ ਸਵੈ ਗਿਣਤੀ ਪੋਰਟਲ ਉੱਤੇ ਕੀਤੀ। ਇਸ ਮੌਕੇ ਖੋਜ ਅਫ਼ਸਰ ਸਹਿਤ ਵਧੀਕ ਜ਼ਿਲ੍ਹਾ ਜਨਗਣਨਾ ਅਫ਼ਸਰ (ਉਪ ਅਰਥ ਤੇ ਅੰਕੜਾ ਸਲਾਹਕਾਰ) ਚਰਨਜੀਤ ਕੌਰ ਨੇ ਦੱਸਿਆ ਕਿ ਜਨ ਗਣਨਾ ਤਹਿਤ ਟੌਲ ਫਰੀ ਨੰਬਰ 1855 ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸੈਂਸਜ਼ ਸੈੱਲ ਵੀ ਬਣਾਇਆ ਗਿਆ ਹੈ। ਉਨ੍ਹਾਂ ਦਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦੀ ਸੂਚੀਕਰਨ (HLO) ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ। ਇਸ ’ਚ ਗਿਣਤੀਕਾਰ ਘਰ-ਘਰ ਜਾ ਕੇ ਗਿਣਤੀ ਕਰਨਗੇ ਤੇ 33 ਸਵਾਲ ਪੁੱਛਣਗੇ। ਉਨ੍ਹਾਂ ਸਾਰਿਆਂ ਨੂੰ ਆਪਣੀ ਸਹੀ ਜਾਣਕਾਰੀ ਦਰਜ ਕਰਨ ਦੀ ਅਪੀਲ ਕੀਤੀ।