ਵਿਦਿਆਰਥਣਾਂ ਨੇ ਸੋਲੀਟੇਅਰ ਇਨਫੋਸਿਸ ’ਚ ਕੀਤਾ ਉਦਯੋਗਿਕ ਦੌਰਾ
ਵਿਦਿਆਰਥਣਾਂ ਨੇ ਸੋਲੀਟੇਅਰ ਇਨਫੋਸਿਸ, ਪਟਿਆਲਾ ਵਿਖੇ ਉਦਯੋਗਿਕ ਦੌਰਾ ਕੀਤਾ
Publish Date: Wed, 25 Feb 2026 04:13 PM (IST)
Updated Date: Wed, 25 Feb 2026 04:16 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਬੰਧ ਤੇ ਪਿ੍ੰਸੀਪਲ ਚਰਨਦੀਪ ਸਿੰਘ ਡਾ. ਦੀ ਅਗਵਾਈ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਬਰਨਾਲਾ ਦੇ ਕੰਪਿਊਟਰ ਵਿਭਾਗ ਵੱਲੋਂ ਵਿਦਿਆਰਥਣਾਂ ਦਾ ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ ਪਟਿਆਲਾ ਦਾ ਇੱਕ ਉਦਯੋਗਿਕ ਦੌਰਾ ਕਰਵਾਇਆ ਗਿਆ। ਇਹ ਦੌਰਾ ਵਿਦਿਆਰਥਣਾਂ ਨੂੰ ਉਦਯੋਗਿਕ ਵਾਤਾਵਰਨ ਤੇ ਵਿਹਾਰਕ ਗਿਆਨ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਰੱਖਿਆ ਗਿਆ ਸੀ ਤੇ ਇਸ ਸਮੇਂ ਵਿਦਿਆਰਥਣਾਂ ਦੀ ਅਗਵਾਈ ਵਿਭਾਗ ਮੁਖੀ ਪ੍ਰੋ. ਜਸਪ੍ਰੀਤ ਕੌਰ ਤੇ ਪ੍ਰੋਗਰਾਮ ਅਫ਼ਸਰ ਪ੍ਰੋ. ਨਰਪ੍ਰੀਤ ਕੌਰ ਦੁਆਰਾ ਕੀਤੀ ਗਈ। ਇਸ ਮੌਕੇ ਵਿਦਿਆਰਥਣਾਂ ਨੇ ਕੰਪਨੀ ਦੇ ਕਾਰਜ ਪ੍ਰਣਾਲੀ, ਉੱਥੇ ਵਰਤੀਆਂ ਜਾਂਦੀਆਂ ਨਵੀਨਤਮ ਤਕਨੀਕਾਂ ਤੇ ਸਾਫਟਵੇਅਰ ਵਿਕਾਸ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਖਾਸ ਤੌਰ ’ਤੇ ਵਿਦਿਆਰਥੀਆਂ ਨੇ ਫੁੱਲ ਸਟੈਕ ਡਿਵੈਲਪਮੈਂਟ ਤੇ ਪਾਈਥਨ ਪ੍ਰੋਗਰਾਮਿੰਗ ਭਾਸ਼ਾ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਕੰਪਨੀ ਦੇ ਮਾਹਰਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਫੁੱਲ ਸਟੈਕ ਡਿਵੈਲਪਮੈਂਟ ’ਚ ਵੈੱਬਸਾਈਟ ਦੇ ਦੋਵੇਂ ਭਾਗਾਂ (ਫਰੰਟ-ਐਂਡ ਤੇ ਬੈਕ-ਐਂਡ) ਨੂੰ ਵਿਕਸਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪਾਈਥਨ ਦੀ ਵਰਤੋਂ ਡੇਟਾ ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਵੈੱਬ ਡਿਵੈਲਪਮੈਂਟ ’ਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਸ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਿਭਾਗ ਮੁਖੀ ਪ੍ਰੋ. ਜਸਪ੍ਰੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਦੇ ਕਿਤਾਬੀ ਗਿਆਨ ਨੂੰ ਵਿਹਾਰਕ ਰੂਪ ਦੇਣ ’ਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੋਲੀਟੇਅਰ ਇਨਫੋਸਿਸ ਵਿਖੇ ਵਿਦਿਆਰਥੀਆਂ ਨੇ ਆਈਟੀ ਖੇਤਰ ’ਚ ਕੰਮ ਕਰਨ ਦੇ ਤਰੀਕਿਆਂ ਨੂੰ ਨੇੜਿਓਂ ਦੇਖਿਆ, ਜੋ ਉਨ੍ਹਾਂ ਦੇ ਭਵਿੱਖ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਪ੍ਰੋਗਰਾਮ ਅਫ਼ਸਰ ਪ੍ਰੋ. ਨਰਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੀ ਇਸ ਦੌਰੇ ਦੌਰਾਨ ਬਹੁਤ ਉਤਸ਼ਾਹ ਦਿਖਾਇਆ ਤੇ ਫੁੱਲ ਸਟੈਕ ਡਿਵੈਲਪਮੈਂਟ ਤੇ ਪਾਈਥਨ ਵਰਗੀਆਂ ਆਧੁਨਿਕ ਤਕਨੀਕਾਂ ਬਾਰੇ ਡੂੰਘੀ ਸਮਝ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਅਜਿਹੇ ਦੌਰੇ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਵਿਦਿਆਰਥੀ ਉਦਯੋਗ ਦੀਆਂ ਲੋੜਾਂ ਮੁਤਾਬਕ ਆਪਣੇ ਆਪ ਨੂੰ ਤਿਆਰ ਕਰ ਸਕਣ। ਪਿ੍ੰਸੀਪਲ ਚਰਨਦੀਪ ਸਿੰਘ ਡਾ. ਦੁਆਰਾ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਨੂੰ ਵਿਦਿਆਰਥਣਾਂ ਨੂੰ ਵਿਸ਼ੇ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਹਿੱਤ ਕਰਵਾਈ ਸਰਗਰਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਦਿਆਰਥਣਾਂ ਦਾ ਉਦਯੋਗਿਕ ਦੌਰਾ ਉਨ੍ਹਾਂ ਦੇ ਅਕਾਦਮਿਕ ਵਿਕਾਸ ’ਚ ਸਹਾਈ ਹੋਵੇਗਾ।