ਕਰਮਗੜ੍ਹ ’ਚ ਭੱਠਾ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼•ਨ
ਪਿੰਡ ਕਰਮਗੜ੍ਹ ਵਿਖੇ ਭੱਠਾ ਮਜ਼ਦੂਰਾਂ ਦਾ ਤਿੱਖਾ ਰੋਸ:
Publish Date: Wed, 20 May 2026 05:35 PM (IST)
Updated Date: Wed, 20 May 2026 05:37 PM (IST)
- ਦੇਰੀ ਨਾਲ ਮਜ਼ਦੂਰੀ ਦਰਾਂ ਜਾਰੀ ਕਰਨ ਤੇ ਲੇਬਰ ਬੋਰਡ ਦੀਆਂ ਸ਼ਰਤਾਂ ਖ਼ਿਲਾਫ਼ ਪ੍ਰਗਟਾਇਆ ਰੋਸ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲ ਕਲਾਂ : ਭੱਠਾ ਵਰਕਰ ਯੂਨੀਅਨ ਬਰਨਾਲਾ ਦੇ ਸੱਦੇ ‘ਤੇ ਪਿੰਡ ਕਰਮਗੜ੍ਹ ਵਿਖੇ ਇੱਟ-ਭੱਠੇ ’ਤੇ ਮਜ਼ਦੂਰਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਅਜੈਬ ਸਿੰਘ ਨੇ ਕੀਤੀ, ਜਿਨ੍ਹਾਂ ਦੇ ਨਾਲ ਪ੍ਰੀਤਮ ਸਿੰਘ ਸਹਿਜੜਾ, ਮਾਨ ਸਿੰਘ, ਗੁਰਮੇਲ ਸਿੰਘ ਅਤੇ ਕਾਲਾ ਸਿੰਘ ਕਰਮਗੜ੍ਹ ਸਮੇਤ ਕਈ ਮਜ਼ਦੂਰ ਆਗੂ ਮੌਜੂਦ ਸਨ। ਆਗੂਆਂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਮਜ਼ਦੂਰਾਂ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ ਅਤੇ ਮਜ਼ਦੂਰੀ ਦਰਾਂ ਵਿੱਚ ਵਾਧਾ ਨਿਯਤ ਮਿਤੀ ਤੋਂ ਬਾਅਦ ਕਰ ਕੇ ਮਜ਼ਦੂਰ ਵਰਗ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹਰ ਸਾਲ 30 ਮਾਰਚ ਤੱਕ ਮਜ਼ਦੂਰਾਂ ਦੀ ਨਵੀਂ ਰੇਟ ਲਿਸਟ ਜਾਰੀ ਕਰਨਾ ਲਾਜ਼ਮੀ ਹੁੰਦਾ ਹੈ, ਪਰ ਮੌਜੂਦਾ ਸਰਕਾਰ ਇਹ ਦਰਾਂ ਦੇਰੀ ਨਾਲ ਜਾਰੀ ਕਰਦੀ ਹੈ। ਮਜ਼ਦੂਰ ਜਦੋਂ ਤੱਕ ਆਪਣੇ ਸੂਬਿਆਂ ਜਾਂ ਵਿਦੇਸ਼ ਵਾਪਸ ਚਲੇ ਜਾਂਦੇ ਹਨ, ਉਸ ਤੋਂ ਬਾਅਦ ਰੇਟ ਵਧਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲਦਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਿਰ ਮਜ਼ਦੂਰੀ ਦਰਾਂ ਤੈਅ ਕਰ ਦਿੰਦੀਆਂ ਸਨ, ਪਰ ਹੁਣ ਸਰਕਾਰ ਦੀ ਲਾਪ੍ਰਵਾਹੀ ਕਾਰਨ ਹਰ ਮਜ਼ਦੂਰ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਲੇਬਰ ਬੋਰਡ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਸਾਈਕਲਾਂ ਅਤੇ ਵਜੀਫ਼ੇ ਦਿੱਤੇ ਜਾਂਦੇ ਸਨ, ਪਰ ਹੁਣ ਫਾਰਮਾਂ ’ਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਮਜ਼ਦੂਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵਿਧਵਾ ਮਜ਼ਦੂਰ ਔਰਤਾਂ ਦੀ 2020-21 ਦੀ ਮਨਜ਼ੂਰਸ਼ੁਦਾ ਰਕਮ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚੀ ਅਤੇ ਨਵੇਂ ਕੇਸ ਵੀ ਪਾਸ ਨਹੀਂ ਕੀਤੇ ਜਾ ਰਹੇ। ਸਰਕਾਰ ਵੱਲੋਂ ਲਗਾਈ ਗਈ ਨਵੀਂ ਸ਼ਰਤ ਕਿ ਵਿਧਵਾ ਮਜ਼ਦੂਰ ਔਰਤ ਜਿਸ ਘਰ ਵਿੱਚ ਕੰਮ ਕਰਦੀ ਹੈ, ਉਸ ਮਕਾਨ ਮਾਲਕ ਜਾਂ ਅਫ਼ਸਰ ਦਾ ਨਾਮ, ਮੋਬਾਈਲ ਨੰਬਰ ਅਤੇ ਪਤਾ ਦੇਣਾ ਲਾਜ਼ਮੀ ਹੈ, ਨੂੰ ਆਗੂਆਂ ਨੇ ਅਤਿ ਨਿੰਦਣਯੋਗ ਕਰਾਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮਜ਼ਦੂਰਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ ’ਤੇ ਅੰਦੋਲਨ ਛੇੜਿਆ ਜਾਵੇਗਾ।