ਤੇਜ਼ ਹਨੇਰੀ, ਮੀਂਹ ਤੇ ਭਾਰੀ ਗੜੇਮਾਰੀ ਨੇ ਮਹਿਲ ਕਲਾਂ ਇਲਾਕੇ ’ਚ ਮਚਾਈ ਤਬਾਹੀ, ਫਸਲਾਂ ਤੇ ਸਬਜ਼ੀਆਂ ਦਾ ਵੱਡਾ ਨੁਕਸਾਨ
ਤੇਜ਼ ਹਨੇਰੀ, ਮੀਂਹ ਤੇ ਭਾਰੀ ਗੜ੍ਹੇਮਾਰੀ ਨੇ ਮਹਿਲ ਕਲਾਂ ਇਲਾਕੇ ’ਚ ਮਚਾਈ ਤਬਾਹੀ – ਫਸਲਾਂ ਤੇ ਸਬਜ਼ੀਆਂ ਦਾ ਵੱਡਾ ਨੁਕਸਾਨ
Publish Date: Tue, 12 May 2026 04:54 PM (IST)
Updated Date: Tue, 12 May 2026 04:57 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡਾਂ ’ਚ ਦੁਪਹਿਰ ਅਚਾਨਕ ਮੌਸਮ ਨੇ ਕਰਵਟ ਲੈਂਦਿਆਂ ਤੇਜ਼ ਹਨੇਰੀ, ਮੀਂਹ ਅਤੇ ਭਾਰੀ ਗੜ੍ਹੇਮਾਰੀ ਨੇ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਤ ਗਰਮੀ ਤੋਂ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਫਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਦੁਪਹਿਰ ਕਰੀਬ ਸਾਢੇ ਤਿੰਨ ਵਜੇ ਅਚਾਨਕ ਆਸਮਾਨ ਕਾਲੇ ਬੱਦਲਾਂ ਨਾਲ ਢੱਕ ਗਿਆ ਅਤੇ ਕੁਝ ਮਿੰਟਾਂ ’ਚ ਹੀ ਤੇਜ਼ ਝੱਖੜ ਦੇ ਨਾਲ ਮੀਂਹ ਅਤੇ ਗੜ੍ਹੇ ਪੈਣ ਲੱਗ ਪਏ। ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ, ਪਰ ਇਹ ਮੌਸਮੀ ਤਬਦੀਲੀ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਗਈ। ਇਹ ਗੜ੍ਹੇਮਾਰੀ ਪਿੰਡ ਗਹਿਲ, ਨਰਾਇਣਗੜ੍ਹ, ਸੋਹੀਆ, ਦੀਵਾਨਾ ਅਤੇ ਆਸ-ਪਾਸ ਦੇ ਕਈ ਹੋਰ ਪਿੰਡਾਂ ’ਚ ਵੇਖਣ ਨੂੰ ਮਿਲੀ। ਕਈ ਥਾਵਾਂ ’ਤੇ ਮੀਂਹ ਨਾਲ ਗੜ੍ਹੇ ਪੈਣ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਦਿਨ ਦੌਰਾਨ ਹੀ ਮਾਹੌਲ ਠੰਢਾ ਹੋ ਗਿਆ। ਕਿਸਾਨਾਂ ਮੁਤਾਬਕ ਭਾਵੇਂ ਕਣਕ ਦੀ ਵਾਢੀ ਲਗਭਗ ਮੁਕੰਮਲ ਹੋ ਚੁੱਕੀ ਹੈ, ਪਰ ਗੜ੍ਹੇਮਾਰੀ ਸਬਜ਼ੀਆਂ, ਮੱਕੀ, ਫਲਾਂ ਅਤੇ ਹਰੇ ਚਾਰੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਈ ਹੈ। ਕਈ ਖੇਤਾਂ ’ਚ ਨਵੀਂ ਵਿੱਢੀ ਮੱਕੀ ਦੀ ਫਸਲ ਨੂੰ ਭਾਰੀ ਝਟਕਾ ਲੱਗਾ ਹੈ, ਜਦਕਿ ਸਬਜ਼ੀਆਂ ਦੀ ਫਸਲ ’ਤੇ ਗੜ੍ਹਿਆਂ ਦੀ ਸਿੱਧੀ ਮਾਰ ਪਈ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਫਸਲਾਂ ਢਹਿ ਗਈਆਂ ਅਤੇ ਪੌਦਿਆਂ ਦੇ ਪੱਤੇ ਨੁਕਸਾਨੀ ਹੋ ਗਏ ਹਨ। ਪਿੰਡ ਗਹਿਲ ਵਿਖੇ ਗੜ੍ਹੇਮਾਰੀ ਕਾਰਨ ਸਥਾਨਕ ਵਪਾਰੀ ਰੰਧਾਵਾ ਸੀਮਿੰਟ ਸਟੋਰ ਨੂੰ ਵੀ ਨੁਕਸਾਨ ਝੱਲਣਾ ਪਿਆ, ਜਿੱਥੇ ਖੁੱਲ੍ਹੇ ’ਚ ਪਿਆ ਰੇਤ ਮੀਂਹ ਨਾਲ ਖਰਾਬ ਹੋ ਗਿਆ। ਇਸ ਤੋਂ ਇਲਾਵਾ ਕਈ ਹੋਰ ਛੋਟੇ ਵਪਾਰੀਆਂ ਅਤੇ ਦਿਹਾਡ਼ੀਦਾਰਾਂ ਨੂੰ ਵੀ ਆਰਥਿਕ ਨੁਕਸਾਨ ਦੀਆਂ ਖਬਰਾਂ ਮਿਲ ਰਹੀਆਂ ਹਨ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮੌਸਮ ਬਦਲਣ ਨਾਲ ਗਰਮੀ ਤੋਂ ਰਾਹਤ ਤਾਂ ਮਿਲੀ ਹੈ, ਪਰ ਗੜ੍ਹੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।