ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਬੰਦ ਕਰਕੇ ਕੀਤਾ ਰੋਸ ਜਾਹਿਰ
ਐਸੋਸੀਏਸ਼ਨ ਵੱਲੋਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਕਰਕੇ ਕੀਤਾ ਰੋਸ ਜਾਹਿਰ
Publish Date: Mon, 27 Apr 2026 04:05 PM (IST)
Updated Date: Tue, 28 Apr 2026 04:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਕਰਕੇ ਆਲ ਇੰਡੀਆ ਐਸੋਸੀਏਸ਼ਨ ਵੱਲੋਂ ਪੂਰੇ ਭਾਰਤ ’ਚ ਇਸ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਬੰਦ ਰੱਖ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਦੀ ਕਾਲ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਤੇ ਜਨਰਲ ਸਕੱਤਰ ਸੰਦੀਪ ਅਰੋੜਾ ਨੇ ਦੱਸਿਆ ਕਿ ਡੀਲਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ, ਜਿਸ ’ਚ ਖਾਦ ਦੇ ਨਾਲ ਬੇਲੋੜੀ ਸਮੱਗਰੀ ਬੰਦ ਕਰਨਾ, ਡੀਲਰਾਂ ਨੂੰ ਖਾਦ ਦਾ ਵਾਜਿਬ ਮਾਰਜਨ ਦੇਣਾ, ਖਾਦਾਂ ਨੂੰ ਪ੍ਰਚੂਨ ਡੀਲਰ ਤੱਕ ਬਿਨਾਂ ਕਿਸੇ ਵਾਧੂ ਖਰਚੇ ਤੋਂ ਪਹੁੰਚ ਕਰਕੇ ਦੇਣਾ ਆਦਿ ਮੰਗਾਂ ਹਨ। ਇਸ ਤੋਂ ਇਲਾਵਾ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ ਮਿਆਰੀ ਆਉਣ ਤੇ ਸਬੰਧਤ ਕੰਪਨੀ ਉੱਪਰ ਕਾਨੂੰਨੀ ਕਾਰਵਾਈ ਕਰਨਾ ਤੇ ਡੀਲਰ ਨੂੰ ਸਿਰਫ਼ ਗਵਾਹ ਦੇ ਤੌਰ ’ਤੇ ਰੱਖਣਾ ਸ਼ਾਮਲ ਹਨ। ਇਨ੍ਹਾਂ ਸਮੱਸਿਆਵਾਂ ਦਾ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਕਰਕੇ 27 ਅਪ੍ਰੈਲ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ। ਅੱਜ ਬਰਨਾਲਾ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ਦੀਆਂ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ਗਈਆਂ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭੀਸ਼ਮ ਕੁਮਾਰ, ਕੈਸ਼ੀਅਰ ਪ੍ਰਦੀਪ ਕੁਮਾਰ, ਚਮਨ ਲਾਲ ਗੁਪਤਾ, ਯੋਗ ਰਾਜ ਬਾਂਸਲ, ਮਨੋਜ ਕੁਮਾਰ, ਰਜੇਸ਼ ਬਾਂਸਲ, ਰਮੇਸ਼ ਕੁਮਾਰ, ਗੁਲਸ਼ਨ ਕੁਮਾਰ, ਵਿਕਾਸ ਗਰਗ, ਦੁਰਗੇਸ਼ ਚੌਧਰੀ, ਰਜੇਸ਼ ਬੀਹਲਾ, ਅਭਿਸ਼ੇਕ ਸਿੰਗਲਾ ਅਤੇ ਮਾਲਵਿੰਦਰ ਸਿੰਘ ਤੋਂ ਇਲਾਵਾ ਬਹੁਤ ਸਾਰੇ ਡੀਲਰ ਹਾਜ਼ਰ ਸਨ।