ਸੌ ਫ਼ੀਸਦੀ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲੱਗਣਗੇ : ਐੱਸਐੱਮਓ
ਬੱਚਿਆਂ ਤੇ ਗਰਭਵਤੀ ਔਰਤਾਂ ਦਾ ਸੌ ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਾਏ ਜਾਣਗੇ: ਐੱਸ.ਐੱਮ.ਓ ਡਾ.ਔਜਲਾ
Publish Date: Wed, 25 Feb 2026 06:55 PM (IST)
Updated Date: Wed, 25 Feb 2026 06:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਮਾਂ ਤੇ ਸ਼ਿਸ਼ੂ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ ਸੀਐੱਚਸੀ ਧਨੌਲਾ ਅਤੇ ਇਸਦੇ ਅਧੀਨ ਆਉਂਦੇ ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ ’ਤੇ ਹਰ ਬੁੱਧਵਾਰ ਦੀ ਤਰ੍ਹਾਂ ਇਸ ਵਾਰ ਵੀ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਮਾਪੇ ਖ਼ੁਦ ਬੱਚਿਆਂ ਨੂੰ ਟੀਕੇ ਲਗਵਾਉਣ ਲਈ ਸਿਹਤ ਕੇਂਦਰਾਂ 'ਤੇ ਲੈ ਕੇ ਪਹੁੰਚੇ ਅਤੇ ਗਰਭਵਤੀ ਔਰਤਾਂ ਵੱਲੋਂ ਵੀ ਆਪਣੀ ਸਿਹਤ ਜਾਂਚ ਕਰਵਾਈ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਸਿਹਤ ਕੇਂਦਰਾਂ 'ਤੇ ਸਿਰਫ ਮਾਂ ਅਤੇ ਬੱਚੇ ਦੀ ਸਿਹਤ ਜਾਂਚ ਅਤੇ ਟੀਕਾਕਰਨ ਹੀ ਨਹੀਂ ਕੀਤਾ ਜਾਂਦਾ ਸਗੋਂ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਮੁਫ਼ਤ ਸਿਹਤ ਸਹੂਲਤਾਂ ਅਤੇ ਮਾਪਿਆਂ ਨੂੰ ਬੱਚੇ ਦੀ ਸਾਂਭ ਸੰਭਾਲ ਤੋਂ ਲੈ ਕੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦੇਹਾਤੀ ਖੇਤਰਾਂ ਵਿਚ ਹਰ ਬੁੱਧਵਾਰ ਲੱਗਣ ਵਾਲੇ ਇਹ ਕੈਂਪ ਮਾਂ ਅਤੇ ਸ਼ਿਸ਼ੂ ਮੌਤ ਦਰ ਘਟਾਉਣ ਵਿਚ ਮਦਦਗਾਰ ਸਾਬਿਤ ਹੋ ਰਹੇ ਹਨ।
ਇਸ ਮੌਕੇ ਡਾ. ਔਜਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਦੇ ਉਦੇਸ਼ ਨਾਲ ਉਨ੍ਹਾਂ ਦਾ ਸੌ ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਲਈ ਸਮੇਂ ਸਮੇਂ 'ਤੇ ਵਿਸ਼ੇਸ਼ ਟੀਕਾਕਰਨ ਕੈਂਪ ਵੀ ਲਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 16 ਤੋਂ 20 ਮਾਰਚ ਤਕ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ ਅਤੇ ਟੀਕਾਕਰਨ ਤੋਂ ਵਾਂਝੇ ਲਾਭਪਾਤਰੀਆਂ ਤੱਕ ਪਹੁੰਚ ਕਰਕੇ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਟੀਕਾਕਰਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਸੌ ਫ਼ੀਸਦੀ ਟੀਕਾਕਰਨ ਦਾ ਟੀਚਾ ਹਾਸਿਲ ਕੀਤਾ ਜਾ ਸਕੇ। ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਇਸ ਮੌਕੇ ਸੀਐੱਚਸੀ ਧਨੌਲਾ ਵਿਖੇ ਐੱਲਐੱਚਵੀ ਇੰਦਰਜੀਤ ਕੌਰ, ਜਤਿੰਦਰ ਕੌਰ, ਏਐੱਨਐੱਮ ਸਰਬਜੀਤ ਕੌਰ, ਗੁੱਡੀ ਕੌਰ, ਆਸ਼ਾ ਚਰਨਜੀਤ, ਨਰਿੰਦਰ, ਕਰਮਜੀਤ, ਪਰਮਜੀਤ ਅਤੇ ਸੁਖਦੀਪ ਕੌਰ, ਆਯੁਸ਼ਮਾਨ ਅਰੋਗਿਆ ਕੇਂਦਰ ਫਰਵਾਹੀ ਵਿਖੇ ਸੀਐੱਚਓ ਨਵਨੀਤ ਕੌਰ, ਮਲਟੀਪਰਪਜ਼ ਹੈਲਥ ਵਰਕਰ ਮਨਦੀਪ ਕੁਮਾਰ, ਏਐੱਨਐੱਮ ਸੁਨੀਤਾ ਰਾਣੀ ਅਤੇ ਹਰਨਾਮ ਕੌਰ ਆਦਿ ਹਾਜ਼ਰ ਸਨ।