ਪਿਛਲੇ 11 ਦਿਨਾਂ ਤੋਂ ਪਾਣੀ ਦੀ ਟੈਂਕੀ ’ਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਗੁਰਸਿੱਖ ਮਾਂ-ਧੀ ਨੂੰ ਨਹੀਂ ਮਿਲਿਆ ਹਾਲੇ ਤੱਕ ਇਨਸਾਫ਼
ਪਿਛਲੇ 11 ਦਿਨਾਂ ਤੋਂ ਪਾਣੀ ਦੀ ਟੈਂਕੀ ’ਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਗੁਰਸਿੱਖ ਮਾਂ ਧੀ ਨੂੰ ਨਹੀਂ ਮਿਲਿਆ ਅਜੇ ਤੱਕ ਇਨਸਾਫ
Publish Date: Wed, 15 Apr 2026 06:23 PM (IST)
Updated Date: Wed, 15 Apr 2026 06:27 PM (IST)

- ਨਿਹੰਗ ਸਿੰਘ ਜਥੇਬੰਦੀਆਂ ਨੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਦੀ ਦਿੱਤੀ ਚਿਤਾਵਨੀ - ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ’ਚ ਪਿਛਲੇ 11 ਦਿਨਾਂ ਤੋਂ ਗੁਰਸਿੱਖ ਅੰਮ੍ਰਿਤਧਾਰੀ ਮਾਵਾਂ ਧੀਆਂ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਦੀ ਪਾਣੀ ਦੀ ਟੈਂਕੀ ਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੀ ਗੁਰਜੀਤ ਕੌਰ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਹੈ। ਗੁਰਜੀਤ ਕੌਰ ਦੇ ਪਤੀ ਦੇ ਪਹਿਲਾਂ ਵੀ 2 ਵਿਆਹ ਹੋ ਚੁੱਕੇ ਸਨ। ਪਰ ਉਨ੍ਹਾਂ ਦੀ ਪਹਿਲਾਂ ਕੋਈ ਔਲਾਦ ਨਹੀਂ ਸੀ। ਜਿਸ ਤੋਂ ਬਾਅਦ 21 ਸਾਲ ਪਹਿਲਾਂ ਗੁਰਜੀਤ ਕੌਰ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਸੀ। ਜਿੱਥੇ ਗੁਰਜੀਤ ਕੌਰ ਦੇ 18 ਸਾਲ ਦੀ ਇੱਕ ਬੇਟੀ ਮਨਵੀਰ ਕੌਰ ਅਤੇ 9 ਸਾਲ ਦਾ ਬੇਟਾ ਹੈ। ਉਸ ਦੇ ਪਤੀ 28 ਏਕੜ ਜ਼ਮੀਨ ਦਾ ਮਾਲਕ ਹੈ ਪਰ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਅਤੇ ਘਰੇਲੂ ਖਰਚਾ ਨਹੀਂ ਦੇ ਰਿਹਾ ਸੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਪ੍ਰਸ਼ਾਸਨ ਅਤੇ ਮਾਣਯੋਗ ਅਦਾਲਤ ’ਚ ਵੀ ਚਲਾ ਗਿਆ। ਜਿੱਥੇ ਪੀੜਤ ਗੁਰਜੀਤ ਕੌਰ ਵੱਲੋਂ ਮਾਣਯੋਗ ਅਦਾਲਤ ’ਚ ਜ਼ਮੀਨ ’ਤੇ ਸਟੇਅ ਵੀ ਲਿਆਂਦੀ ਹੋਈ ਹੈ। ਗੁਰਜੀਤ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਕੋਲ 28 ਏਕੜ ਜ਼ਮੀਨ ਹੋਣ ਦੇ ਬਾਵਜੂਦ ਵੀ ਅੱਜ ਉਨ੍ਹਾਂ ਦੇ ਦੋਵੇਂ ਬੱਚੇ ਖਰਚੇ ਅਤੇ ਪੜ੍ਹਾਈ ਲਈ ਤਰਸ ਰਹੇ ਹਨ। ਉਸ ਦੇ ਪਤੀ ਵੱਲੋਂ ਉਸ ਨੂੰ ਲਗਾਤਾਰ ਡਰਾਇਆ ਅਤੇ ਧਮਕਾਇਆ ਜਾ ਰਿਹਾ ਸੀ। ਜਿਸ ਤੋਂ ਦੁਖੀ ਹੋ ਕੇ ਮਾਵਾਂ ਧੀਆਂ ਪਿੰਡ ਰੂੜੇਕੇ ਕਲਾਂ ਦੀ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਈਆਂ ਸਨ। ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਮਾਵਾਂ ਧੀਆਂ ਨੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ, ਐੱਸਜੀਪੀਸੀ ਸਮੇਤ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਤੋਂ ਮੰਗ ਕਰਦੇ ਕਿਹਾ ਕਿ ਜਲਦੀ ਉਨ੍ਹਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ। - ਨਿਹੰਗ ਸਿੰਘ ਜਥੇਬੰਦੀਆਂ ਨੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਦੀ ਦਿੱਤੀ ਚਿਤਾਵਨੀ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਸੰਘਰਸ਼ ਕਰ ਰਹੀਆਂ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਦੇ ਹੱਕ ’ਚ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰ ਨਰਦੇਵ ਸਿੰਘ ਨੇ ਵੀ ਪਿਛਲੇ 11 ਦਿਨਾਂ ਤੋਂ ਆਪਣੇ ਜਥੇ ਸਮੇਤ ਪਾਣੀ ਦੀ ਟੈਂਕੀ ਦੇ ਹੇਠਾਂ ਹੀ ਮੋਰਚਾ ਲਾਇਆ ਹੋਇਆ ਹੈ, ਜਿਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ’ਚ ਵੱਡੇ ਪੱਧਰ ’ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ। - ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ ਇਸ ਮਾਮਲੇ ਸਬੰਧੀ ਜਦ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਪਤਾ ਲੱਗਾ ਸੀ, ਉਨ੍ਹਾਂ ਇਸ ਮਾਮਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਆਪਣੇ ਹਲਕੇ ਦੇ ਪਿੰਡ ਰੂੜੇਕੇ ਕਲਾਂ ’ਚ ਪਿਛਲੇ 11 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਮਾਵਾਂ ਧੀਆਂ ਨੂੰ ਇਨਸਾਫ਼ ਕਦੋਂ ਦਿਵਾਉਣਗੇ ।