ਨਗਰ ਨਿਗਮ ਚੋਣਾਂ ’ਚ ਅਕਾਲੀ ਦਲ ਰਿਹਾ ਖਾਲੀ, ਭਾਜਪਾ ਤੋਂ ਵੀ ਪੱਛੜੀ ਪੰਥਕ ਪਾਰਟੀ
ਬਰਨਾਲਾ ਦੀਆਂ ਨਗਰ ਨਿਗਮ ਚੋਣਾਂ 'ਚ ਸ੍ਰੋਮਣੀ ਅਕਾਲੀ ਦਲ ਦਾ ਖਾਤਾ ਵੀ ਨਾ ਖੁੱਲ੍ਹਿਆ, ਬੀਜੇਪੀ ਤੋਂ ਵੀ ਪੱਛੜੀ ਪੰਥਕ ਪਾਰਟੀ
Publish Date: Sat, 30 May 2026 04:27 PM (IST)
Updated Date: Sun, 31 May 2026 04:02 AM (IST)

-- ਬਰਨਾਲਾ, ਧਨੌਲਾ ਤੇ ਭਦੌੜ ’ਚ ਨਹੀਂ ਬਣਿਆ ਕੋਈ ਅਕਾਲੀ ਕੌਂਸਲਰ --ਨਗਰ ਕੌਂਸਲ ਬਰਨਾਲਾ ’ਚ 31 ਵਾਰਡਾਂ ’ਚੋਂ ਸਨ 4 ਅਕਾਲੀ ਕੌਂਸਲਰ, ਹੁਣ ਨਗਰ ਨਿਗਮ 50 ਵਾਰਡਾਂ ’ਚੋਂ ਕੋਈ ਨਹੀਂ ਜਿੱਤਿਆ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੀਆਂ ਨਗਰ ਨਿਗਮ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਵੀ ਨਾ ਖੁੱਲ੍ਹਿਆ, ਬੀਜੇਪੀ ਤੋਂ ਵੀ ਪੱਛੜੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਦ ਕਿ ਨਗਰ ਕੌਂਸਲ ਬਰਨਾਲਾ ਦੇ 31 ਵਾਰਡਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ 4 ਕੌਂਸਲਰ ਸਨ। ਹੁਣ ਨਗਰ ਨਿਗਮ ਬਣੇ 50 ਵਾਰਡਾਂ ’ਚ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ। ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਖੁਦ ਚੋਣ ਹਾਰ ਗਏ ਹਨ। ਬਰਨਾਲਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਹੋਂਦ ’ਤੇ ਵੱਡਾ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਕਿਸੇ ਸਮੇਂ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਮੰਨੇ ਜਾਣ ਵਾਲੇ ਬਰਨਾਲਾ ’ਚ ਪਾਰਟੀ ਦੀ ਹਾਲਤ ਇਸ ਕਦਰ ਪਤਲੀ ਹੋ ਚੁੱਕੀ ਹੈ ਕਿ ਨਗਰ ਨਿਗਮ ਦੇ ਕੁੱਲ 50 ਵਾਰਡਾਂ ’ਚੋਂ ਅਕਾਲੀ ਦਲ ਆਪਣਾ ਖਾਤਾ ਤੱਕ ਖੋਲ੍ਹਣ ’ਚ ਨਾਕਾਮ ਰਿਹਾ। ਹਾਲਾਤ ਇਹ ਹਨ ਕਿ ਪਾਰਟੀ ਆਪਣੀ ਪੁਰਾਣੀ ਸਾਂਝੀਵਾਲ ਰਹੀ ਭਾਜਪਾ ਸਮੇਤ ਰਵਾਇਤੀ ਵਿਰੋਧੀ ਕਾਂਗਰਸ ਤੋਂ ਵੀ ਬੁਰੀ ਤਰ੍ਹਾਂ ਪਛੜ ਗਈ ਹੈ। ਦੂਜੇ ਪਾਸੇ, ਇਨ੍ਹਾਂ ਚੋਣਾਂ ’ਚ ਆਪ-36 ਸੀਟਾਂ ਹਾਸਲ ਕਰਕੇ ਸਭ ਤੋਂ ਅੱਗੇ ਯਾਨੀ ਨੰਬਰ ਇੱਕ ’ਤੇ ਰਹੀ ਹੈ। --ਸ਼੍ਰੋਮਣੀ ਅਕਾਲੀ ਦਲ 50 ’ਚੋਂ ਕੇਵਲ 10 ਵਾਰਡਾਂ ’ਚ ਦੂਜੇ ਨੰਬਰ ’ਤੇ ਮਹਿਜ਼ 5 ਵਾਰਡਾਂ ’ਚ ਹੀ ਤੀਜੇ ਨੰਬਰ ’ਤੇ ਆ ਸਕੀ। ਬਾਕੀ ਦੇ ਵਾਰਡਾਂ ’ਚ ਤਾਂ ਅਕਾਲੀ ਉਮੀਦਵਾਰ ਪਹਿਲੇ ਤਿੰਨ ਸਥਾਨਾਂ ’ਚ ਵੀ ਜਗ੍ਹਾ ਨਹੀਂ ਬਣਾ ਸਕੇ। ਪਾਰਟੀ ਦੀ ਇਸ ਨਮੋਸ਼ੀਜਨਕ ਹਾਰ ’ਚ ਸਭ ਤੋਂ ਵੱਡਾ ਝਟਕਾ ਉਦੋਂ ਲੱਗਿਆ, ਜਦੋਂ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੇ ਆਪਣੇ ਵਾਰਡ ’ਚ ਵੀ ਅਕਾਲੀ ਉਮੀਦਵਾਰ ਚੋਣ ਹਾਰ ਗਿਆ। ਇੰਨਾ ਹੀ ਨਹੀਂ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੀ ਬਦਹਾਲੀ ਦਾ ਆਲਮ ਇਹ ਸੀ ਕਿ ਪਾਰਟੀ ਕੋਲ 50 ਵਾਰਡਾਂ ’ਚ ਉਤਾਰਨ ਲਈ ਪੂਰੇ ਉਮੀਦਵਾਰ ਤੱਕ ਨਹੀਂ ਸਨ। ਪਾਰਟੀ ਮਹਿਜ਼ 28 ਵਾਰਡਾਂ ’ਚ ਹੀ ਆਪਣੇ ਉਮੀਦਵਾਰ ਖੜ੍ਹੇ ਕਰ ਸਕੀ। ਜਿਨ੍ਹਾਂ ’ਚੋਂ ਵਾਰਡ-18 ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ ਸਨ। ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ’ਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ 27 ਵਾਰਡਾਂ ’ਚ ਹੀ ਚੋਣ ਲੜ ਰਿਹਾ ਸੀ। ਪਿਛਲੀਆਂ ਚੋਣਾਂ ਦੇ ਮੁਕਾਬਲੇ ਅਕਾਲੀ ਦਲ ਦਾ ਸਿਆਸੀ ਵਜੂਦ ਬਿਲਕੁਲ ਨਿਵਾਣਾ ਵੱਲ ਚਲਾ ਗਿਆ ਹੈ। ਜਦੋਂ ਪਹਿਲਾਂ ਬਰਨਾਲਾ ਨਗਰ ਕੌਂਸਲ ਹੁੰਦੀ ਸੀ, ਉਦੋਂ 31 ਵਾਰਡਾਂ ’ਚੋਂ ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਸਨ। ਪਰ ਇਸ ਵਾਰ ਜਦੋਂ ਕੌਂਸਲ ਤੋਂ ਨਿਗਮ ਬਣਿਆ ਤੇ ਵਾਰਡਾਂ ਦੀ ਗਿਣਤੀ ਵਧ ਕੇ 50 ਹੋਈ, ਤਾਂ ਅਕਾਲੀ ਦਲ ਦਾ ਅੰਕੜਾ 4 ਤੋਂ ਵਧਣ ਦੀ ਬਜਾਏ ਸਿਫ਼ਰ ’ਤੇ ਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਇਹ ਪਤਲੀ ਹਾਲਤ ਸਿਰਫ਼ ਬਰਨਾਲਾ ਸ਼ਹਿਰ ਤੱਕ ਸੀਮਤ ਨਹੀਂ ਰਹੀ, ਸਗੋਂ ਪੂਰੇ ਜ਼ਿਲ੍ਹੇ ’ਚ ਹੀ ਪਾਰਟੀ ਦਾ ਸੂਰਜ ਡੁੱਬਦਾ ਨਜ਼ਰ ਆਇਆ। ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ’ਚੋਂ ਅਕਾਲੀ ਦਲ ਦਾ ਖਾਤਾ ਤੱਕ ਨਹੀਂ ਖੁੱਲ੍ਹ ਸਕਿਆ। ਨਗਰ ਕੌਂਸਲ ਭਦੌੜ ’ਚ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਨਗਰ ਕੌਂਸਲ ਤਪਾ ਮੰਡੀ ਦੇ 15 ਵਾਰਡਾਂ ’ਚੋਂ ਪਾਰਟੀ ਮਹਿਜ਼ 2 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ। ਬਰਨਾਲਾ ਜ਼ਿਲ੍ਹਾ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਇਤਿਹਾਸਕ ਗੜ੍ਹ ਰਿਹਾ ਹੈ, ਜਿੱਥੋਂ ਸੁਰਜੀਤ ਸਿੰਘ ਬਰਨਾਲਾ ਵਰਗੇ ਕੱਦਾਵਰ ਆਗੂ ਨਿਕਲੇ, ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ। ਪਰ ਅੱਜ ਹਾਲਾਤ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਦੋ ਦਹਾਕਿਆਂ ਤੋਂ ਇੱਥੇ ਵਿਧਾਨ ਸਭਾ ਦੀ ਇਕ ਵੀ ਸੀਟ ਜਿੱਤਣ ਲਈ ਤਰਸ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਾਰੀ ਚੋਣ ਪ੍ਰਕਿਰਿਆ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੱਤਾਧਾਰੀ ਆਪ ’ਤੇ ਧੱਕੇਸ਼ਾਹੀ ਤੇ ਹੇਰਾ-ਫ਼ੇਰੀ ਦੇ ਦੋਸ਼ ਲਗਾਏ ਸਨ।