ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ, ਧਰਨਾ ਲਾਇਆ
ਸੇਵਾ ਸੇਵਾ ਕੇਂਦਰ ਮੁਲਾਜ਼ਮ ਦੀ ਹੜਤਾਲ ਸ਼ੁਰੂ, ਧਰਨਾ ਲਾਇਆ
Publish Date: Wed, 27 May 2026 04:48 PM (IST)
Updated Date: Wed, 27 May 2026 04:49 PM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੇਵਾ ਕੇਂਦਰ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਕੇ ਸੇਵਾ ਕੇਂਦਰਾਂ ਦਾ ਕੰਮਕਾਜ ਠੱਪ ਕਰ ਦਿੱਤਾ। ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸੂਬਾ ਪੱਧਰੀ ਮੋਰਚਾ ਸ਼ੁਰੂ ਕਰਦਿਆਂ ਧਰਨਾ ਲਾ ਕੇ ਪੰਜਦਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦੀ ਹੜਤਾਲ ਕਾਰਨ ਸੇਵਾ ਕੇਦਰ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ, ਸਰਪ੍ਰਸਤ ਗੁਰਸੇਵਕ ਸਿੰਘ ਚਹਿਲ ਅਤੇ ਦਮਨਜੀਤ ਸਿੰਘ ਸੋਢੀ ਦੀ ਅਗਵਾਈ ਹੇਠ ਮਤਾ ਪਾਸ ਕੀਤਾ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਸੇਵਾ ਕੇਂਦਰ ਮੁਲਾਜ਼ਮ ਪਿਛਲੇ 10 ਸਾਲਾਂ ਤੋਂ ਇਸ ਪ੍ਰਾਜੈਕਟ ਵਿੱਚ ਠੇਕੇਦਾਰੀ ਪ੍ਰਣਾਲੀ ਹੇਠ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੀ ਤਨਖਾਹ ਵਿੱਚ ਹੁਣ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੋਂ ਰੋਜ਼ਾਨਾ ਕੰਮ ਲਿਆ ਜਾਂਦਾ ਹੈ, ਪਰ ਮਹਿੰਗਾਈ ਦੇ ਇਸ ਦੌਰ ਵਿੱਚ 10 ਹਜ਼ਾਰ ਰੁਪਏ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਹੁਣ ਮੁਲਾਜ਼ਮ ਇੰਨੀ ਘੱਟ ਤਨਖ਼ਾਹ ’ਤੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਤਨਖਾਹ ਵਿੱਚ ਵਾਧੇ ਸਬੰਧੀ ਕੰਪਨੀ ਨਾਲ 5 ਸਾਲ ਦਾ ਠੇਕਾ ਸਾਈਨ ਕੀਤਾ ਗਿਆ ਸੀ, ਪਰ ਕੰਪਨੀ ਮੁਲਾਜ਼ਮਾਂ ਨੂੰ ਸਿਰਫ਼ 6 ਮਹੀਨੇ ਦਾ ਹੀ ਕਾਂਟ੍ਰੈਕਟ ਜਾਰੀ ਕਰ ਰਹੀ ਹੈ। ਉਨ੍ਹਾਂ ਦੁੱਖ ਜਤਾਇਆ ਕਿ ਨਿੱਜੀ ਕੰਪਨੀਆਂ ਕਾਰਨ ਸੂਬੇ ਦਾ ਪੈਸਾ ਬਾਹਰ ਜਾ ਰਿਹਾ ਹੈ। ਇਸ ਲਈ ਮੰਗ ਕੀਤੀ ਗਈ ਕਿ ਪੰਜਾਬ ਸੇਵਾ ਕੇਂਦਰ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਚਲਾਇਆ ਜਾਵੇ ਤਾਂ ਜੋ ਸੂਬੇ ਦਾ ਪੈਸਾ ਰਾਜ ਦੇ ਲੋਕਾਂ ਦੇ ਭਲੇ ਲਈ ਵਰਤਿਆ ਜਾ ਸਕੇ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਣਾਲੀ ਖਤਮ ਕੀਤੀ ਜਾਵੇ, ਸੇਵਾ ਕੇਂਦਰ ਪ੍ਰਾਜੈਕਟ ਨੂੰ ਸਰਕਾਰੀ ਵਿਭਾਗ ਦੇ ਅਧੀਨ ਲਿਆਂਦਾ ਜਾਵੇ ਅਤੇ ਕੰਪਨੀ ਵੱਲੋਂ ਸਮੇਂ ਸਿਰ ਤਨਖ਼ਾਹ ਜਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 2016 ਤੋਂ ਹੁਣ ਤੱਕ ਸੇਵਾ ਕੇਂਦਰਾਂ ਵੱਲੋਂ 8.49 ਕਰੋੜ ਅਰਜ਼ੀਆਂ ਸਫਲਤਾਪੂਰਵਕ ਨਿਪਟਾਈਆਂ ਗਈਆਂ ਹਨ। ਇੱਕ ਸਾਲ ਵਿੱਚ 80.76 ਲੱਖ ਸੇਵਾਵਾਂ ਅਤੇ ਇਸ ਮਹੀਨੇ ਦੌਰਾਨ ਹੀ 13.66 ਲੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।