ਤਪਾ ਮੰਡੀ 'ਚ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਹਾਹਾਕਾਰ : ਕੂੜੇ ਦੇ ਢੇਰਾਂ 'ਤੇ ਬੈਠਾ ਸ਼ਹਿਰ, ਗੰਦਗੀ ਤੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਹੋਇਆ ਔਖਾ
ਪਿਛਲੇ ਕਈ ਦਿਨਾਂ ਤੋ ਨਗਰ ਕੋਂਸਲ ਤਪਾ ਦੇ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਹੋਣ ਕਰਕੇ ਤਪਾ ਸ਼ਹਿਰ ਅੰਦਰ ਜਗ੍ਹਾ-ਜਗ੍ਹਾ 'ਤੇ ਕੂੜੇ ਦੇ ਢੇਰ ਜਮ੍ਹਾਂ ਹੋ ਗਏ ਹਨ। ਕੁਝ ਲੋਕਾਂ ਵੱਲੋਂ ਕੂੜੇ ਨੂੰ ਅੱਗ ਲਗਾ ਕੇ ਨਸ਼ਟ ਕੀਤਾ ਜਾ ਰਿਹਾ ਹੈ
Publish Date: Mon, 18 May 2026 03:46 PM (IST)
Updated Date: Mon, 18 May 2026 03:52 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਿਛਲੇ ਕਈ ਦਿਨਾਂ ਤੋ ਨਗਰ ਕੋਂਸਲ ਤਪਾ ਦੇ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਹੋਣ ਕਰਕੇ ਤਪਾ ਸ਼ਹਿਰ ਅੰਦਰ ਜਗ੍ਹਾ-ਜਗ੍ਹਾ 'ਤੇ ਕੂੜੇ ਦੇ ਢੇਰ ਜਮ੍ਹਾਂ ਹੋ ਗਏ ਹਨ। ਕੁਝ ਲੋਕਾਂ ਵੱਲੋਂ ਕੂੜੇ ਨੂੰ ਅੱਗ ਲਗਾ ਕੇ ਨਸ਼ਟ ਕੀਤਾ ਜਾ ਰਿਹਾ ਹੈ। ਪ੍ਰੰਤੂ ਕੂੜੇ 'ਚੋਂ ਪੈਦਾ ਹੋਏ ਧੂਏ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਜਦ ਕਿ ਕਈ ਦਿਨਾਂ ਤੋਂ ਇਕੱਠੇ ਹੋਏ ਕੂੜੇ ਦੇ ਢੇਰਾਂ ਨਾਲ ਗੰਦਗੀ ਤੇ ਬਦਬੂ ਫੈਲ ਰਹੀ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ ਪਰ ਆਪ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਇ ਹੱਥ 'ਤੇ ਹੱਥ ਧਰ ਕੇ ਬੈਠੀ ਹੈ, ਤੇ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਹੰਢਾਉਣ ਲਈ ਮਜਬੂਰ ਹੋਏ ਪਏ ਹਨ।
ਸ਼ਹਿਰ ਦੀ ਹਰ ਇੱਕ ਗਲੀ- ਮੁਹੱਲੇ 'ਚ, ਚੁਰਾਹਿਆਂ 'ਚ ਕੂੜੇ ਦੇ ਵੱਡੇ-ਵੱਡੇ ਢੇਰ ਦੇਖਣ ਨੂੰ ਮਿਲ ਰਹੇ ਅਤੇ ਵੱਡੀ ਤਾਦਾਦ ਦੇ ਵਿਚ ਕੂੜਾ ਘਰਾਂ ਵਿਚ ਵੀ ਜਮ੍ਹਾ ਹੋ ਗਿਆ ਹੈ। ਜਿਸ ਕਰਕੇ ਹੁਣ ਪੂਰਾ ਤਪਾ ਸ਼ਹਿਰ ਕੂੜੇ ਦੇ ਢੇਰ ਤੇ ਬੈਠਾ ਨਜ਼ਰ ਆ ਰਿਹਾ ਹੈ। ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰੇ ਤਾਂ ਕਿ ਸ਼ਹਿਰ ਵਾਸੀ ਕੂੜੇ ਦੇ ਢੇਰਾਂ ਤੋਂ ਨਿਜਾਤ ਪਾ ਸਕਣ।