Sangrur News : ਦੁੱਧ ਦੀ ਸਪਲਾਈ ਦੇਣ ਜਾ ਰਹੇ ਦੋ ਜਣਿਆਂ ਦੀ ਦਰਦਨਾਕ ਸੜਕ ਹਾਦਸੇ ’ਚ ਮੌਤ, ਸਵਿਫਟ ਦੀ ਪਿੱਛੋਂ ਟੱਕਰ ਮਗਰੋਂ ਟਰੱਕ 'ਚ ਵੱਜੀ ਪਿਕਅਪ
ਬਰਨਾਲਾ ਮੁੱਖ ਮਾਰਗ 'ਤੇ ਸਥਿਤ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਨਜ਼ਦੀਕ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਦੋਵੇ ਪਿੰਡ ਬਡਬਰ ਕੋਲ ਦੁੱਧ ਦੀ ਫੈਕਟਰੀ ਵਿੱਚ ਦੁੱਧ ਦੀ ਸਪਲਾਈ ਕਰਨ ਜਾ ਰਹੇ ਸੀ ਕਿ ਇਹ ਹਾਦਸਾ ਵਾਪਰ ਗਿਆ।
Publish Date: Mon, 11 May 2026 06:06 PM (IST)
Updated Date: Mon, 11 May 2026 06:21 PM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਬਰਨਾਲਾ ਮੁੱਖ ਮਾਰਗ 'ਤੇ ਸਥਿਤ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਨਜ਼ਦੀਕ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਦੋਵੇ ਪਿੰਡ ਬਡਬਰ ਕੋਲ ਦੁੱਧ ਦੀ ਫੈਕਟਰੀ ਵਿੱਚ ਦੁੱਧ ਦੀ ਸਪਲਾਈ ਕਰਨ ਜਾ ਰਹੇ ਸੀ ਕਿ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਦਕਿ ਕਾਰ ਚਾਲਕ ਮੌਕੇ ਤੋ ਫਰਾਰ ਹੋ ਗਿਆ।
ਬਡਰੁੱਖਾਂ ਪੁਲਿਸ ਚੌਕੀ ਤੋਂ ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਦੇ ਨੇੜਲੇ ਪਿੰਡ ਕਾਕੜਾ ਨਿਵਾਸੀ ਗੁਰਜੰਟ ਸਿੰਘ (42) ਅਤੇ ਸੁਰਿੰਦਰਪਾਲ ਸਿੰਘ (21) ਰੋਜ਼ਾਨਾ ਦੀ ਤਰ੍ਹਾਂ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰ ਕੇ ਬਡਬਰ ਨੇੜੇ ਫੈਕਟਰੀ ਵਿੱਚ ਆਪਣੀ ਪਿੱਕਅਪ ਗੱਡੀ 'ਤੇ ਸਪਲਾਈ ਕਰਨ ਜਾ ਰਹੇ ਸਨ। ਜਦੋਂ ਉਹ ਮਸਤੂਆਣਾ ਸਾਹਿਬ ਕੋਲ ਪੁੱਜੇ ਤਾਂ ਪਿੱਛਿਓਂ ਆ ਰਹੀ ਸਵਿਫਟ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬੇਕਾਬੂ ਹੋਈ ਪਿਕਅਪ ਟਰੱਕ ਵਿੱਚ ਜਾ ਵੱਜੀ।
ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪੁੱਜੀ ਅਤੇ ਪਿੱਕਅਪ ਵਿੱਚ ਫਸੀਆਂ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਕੇ ਸਿਵਲ ਹਸਪਤਾਲ ਵਿੱਚ ਲਿਆਂਦੀਆਂ ਗਈਆਂ। ਹਾਦਸੇ ਤੋ ਬਾਅਦ ਸਵਿਫਟ ਕਾਰ ਚਾਲਕ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਗੁਰਜੰਟ ਸਿੰਘ ਦੇ ਭਤੀਜੇ ਕਰਨਦੀਪ ਸਿੰਘ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਸਵਿੱਫਟ ਕਾਰ ਨੂੰ ਕਬਜੇ ਵਿੱਚ ਲੈ ਕੇ ਉਸਦੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।