ਪਿੰਡ ਵਾਸੀਆਂ ਮੁਤਾਬਕ ਪਿੰਡ ਦਾ ਬਜ਼ੁਰਗ ਜਸਪਾਲ ਸਿੰਘ ਗੁਰਸਿੱਖ ਹੈ ਤੇ ਕਈ ਸਾਲਾਂ ਤੋਂ ਪਿੰਡ ਵਿਚ ਨਾਈ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਜਸਪਾਲ ਸਿੰਘ ਗਰੀਬ ਹੈ ਅਤੇ ਕਿਡਨੀ ਦਾ ਮਰੀਜ਼ ਵੀ ਹੈ। ਉਹ ਆਪਣੀ ਨਾਈ ਦੀ ਦੁਕਾਨ ਰਾਹੀਂ ਹੀ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾ ਰਿਹਾ ਹੈ।
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨੇੜਲੇ ਪਿੰਡ ਭੱਟੀਵਾਲ ਕਲਾਂ ਵਿਚ ਨਿਹੰਗ ਬਾਣੇ ’ਚ ਆਏ 6 ਵਿਅਕਤੀਆਂ ਨੇ ਨਾਈ ਦਾ ਕੰਮ ਕਰਨ ਵਾਲੇ ਸਿੱਖ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਜਦੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਗਈ। ਇਸ ਤੋਂ ਬਾਅਦ ਮੁੱਖ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰ ਦਿੱਤਾ, ਜਿਸ ਨਾਲ ਪੂਰਾ ਪਿੰਡ ਇਕੱਠਾ ਹੋ ਗਿਆ।
ਇਸ ਦੌਰਾਨ ਬਾਣਾ ਪਹਿਨੇ ਪੰਜ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਇਕ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਕੇ ਉਸ ਦੀ ਵੀ ਕੁੱਟਮਾਰ ਕੀਤੀ ਤੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਪਿੰਡ ਵਾਸੀਆਂ ਮੁਤਾਬਕ ਪਿੰਡ ਦਾ ਬਜ਼ੁਰਗ ਜਸਪਾਲ ਸਿੰਘ ਗੁਰਸਿੱਖ ਹੈ ਤੇ ਕਈ ਸਾਲਾਂ ਤੋਂ ਪਿੰਡ ਵਿਚ ਨਾਈ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਜਸਪਾਲ ਸਿੰਘ ਗਰੀਬ ਹੈ ਅਤੇ ਕਿਡਨੀ ਦਾ ਮਰੀਜ਼ ਵੀ ਹੈ। ਉਹ ਆਪਣੀ ਨਾਈ ਦੀ ਦੁਕਾਨ ਰਾਹੀਂ ਹੀ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾ ਰਿਹਾ ਹੈ। ਜੇ ਨਿਹੰਗ ਸਿੰਘਾਂ ਨੂੰ ਕਿਸੇ ਸਿੱਖ ਵਿਅਕਤੀ ਵੱਲੋਂ ਵਾਲ ਕੱਟਣਾ ਗਲਤ ਲੱਗਦਾ ਸੀ ਤਾਂ ਉਹ ਉਸ ਨੂੰ ਸਮਝਾ ਸਕਦੇ ਸਨ ਜਾਂ ਮਾਫ਼ੀ ਮੰਗਵਾ ਸਕਦੇ ਸਨ। ਇਸ ਤਰ੍ਹਾਂ ਕੁੱਟਮਾਰ ਕਰਨਾ ਗਲਤ ਹੈ।
ਪਿੰਡ ਦੇ ਸ਼ੇਰੀ ਬਾਬਾ ਨੇ ਦੱਸਿਆ ਕਿ ਨਿਹੰਗ ਬਾਣਾ ਪਾ ਕੇ ਕੁਝ ਬਦਮਾਸ਼ ਆਏ ਸਨ। ਉਹ ਸਿੱਧੇ ਜਸਪਾਲ ਸਿੰਘ ਦੀ ਦੁਕਾਨ ’ਤੇ ਆਏ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜੇ ਉਨ੍ਹਾਂ ਨੂੰ ਕੋਈ ਇਤਰਾਜ਼ ਸੀ ਤਾਂ ਉਹ ਗੱਲਬਾਤ ਕਰ ਸਕਦੇ ਸਨ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਜਸਪਾਲ ਸਿੰਘ ਨੂੰ ਕੁੱਟ ਰਹੇ ਸਨ ਤਾਂ ਉਨ੍ਹਾਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਜੇ ਦੁਕਾਨ ਬੰਦ ਕਰਵਾਉਣੀ ਹੈ ਤਾਂ ਉਸ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਵੀ ਕੀਤਾ ਜਾਵੇ। ਇਸ ’ਤੇ ਨਿਹੰਗ ਬਾਣੇ ਵਿਚ ਆਏ ਲੋਕਾਂ ਨੇ ਉਨ੍ਹਾਂ ਨੂੰ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਜੋ ਕਰ ਸਕਦੇ ਹੋ ਕਰ ਲਵੋ। ਇਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਗਏ ਤੇ ਅਨਾਊਂਸਮੈਂਟ ਕਰ ਕੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਜਸਪਾਲ ਸਿੰਘ ਵੱਲੋਂ ਵਾਲ ਕੱਟਣ ’ਤੇ ਕੋਈ ਇਤਰਾਜ਼ ਸੀ ਤਾਂ ਉਹ ਪੰਚਾਇਤ ਕੋਲ ਗੱਲ ਰੱਖ ਸਕਦੇ ਸਨ। ਪੰਚਾਇਤ ਰਾਹੀਂ ਗੱਲਬਾਤ ਕਰ ਕੇ ਮਸਲੇ ਦਾ ਹੱਲ ਕੀਤਾ ਜਾ ਸਕਦਾ ਸੀ। ਜਸਪਾਲ ਸਿੰਘ ਗਰੀਬ ਵਿਅਕਤੀ ਹੈ ਅਤੇ ਉਸ ਦੀ ਦੁਕਾਨ ਹੀ ਉਸ ਦੀ ਰੋਜ਼ੀ-ਰੋਟੀ ਦਾ ਇਕੱਲਾ ਸਾਧਨ ਹੈ। ਇਸ ਤਰ੍ਹਾਂ ਦੀ ਬਦਮਾਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ’ਤੇ ਪਹੁੰਚੀ ਤਾਂ ਪੰਜ ਵਿਅਕਤੀ ਫ਼ਰਾਰ ਹੋ ਚੁੱਕੇ ਸਨ, ਜਦਕਿ ਇਕ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।