Sangrur Crime : ਪ੍ਰਵਾਸੀ ਨੌਜਵਾਨ ਦਾ ਕਤਲ ਕਰਕੇ ਸਰੀਰ ਦੇ ਕੀਤੇ ਟੋਟੇ, ਵੱਢਿਆ ਸਿਰ ਨਾਲੇ 'ਚੋਂ ਬਰਾਮਦ
ਸ਼ਹਿਰ ਦੇ ਪ੍ਰਤਾਪ ਨਗਰ ਵਿਚ ਇਕ ਪਰਵਾਸੀ ਮਜਦੂਰ ਦਾ ਉਸਦੇ ਹੀ ਦੋਸਤ ਨੇ ਬੇਰਹਿਮੀ ਨਾਲ ਕਤਲ ਕਰਨ ਮਗਰੋ ਉਸਦੇ ਸਰੀਰ ਦੇ ਟੋਟੇ ਕਰ ਦਿੱਤੇ ਅਤੇ ਟੋਟਿਆਂ ਨੂੰ ਵੱਖ-ਵੱਖ ਥਾਵਾਂ ਤੇ ਸੁੱਟ ਦਿੱਤਾ। ਐਤਵਾਰ ਨੂੰ ਮ੍ਰਿਤਕ ਦਾ ਵੱਢਿਆ ਹੋਇਆ ਸਿਰ ਸੋਹੀਆਂ ਰੋਡ 'ਤੇ ਸਥਿਤ ਨਾਲੇੇ ਵਿਚੋ ਪੁਲਿਸ ਨੇ ਬਰਾਮਦ ਕੀਤਾ ਹੈ।
Publish Date: Sun, 02 Mar 2025 07:18 PM (IST)
Updated Date: Sun, 02 Mar 2025 07:22 PM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਪ੍ਰਤਾਪ ਨਗਰ ਵਿਚ ਇਕ ਪਰਵਾਸੀ ਮਜਦੂਰ ਦਾ ਉਸਦੇ ਹੀ ਦੋਸਤ ਨੇ ਬੇਰਹਿਮੀ ਨਾਲ ਕਤਲ ਕਰਨ ਮਗਰੋ ਉਸਦੇ ਸਰੀਰ ਦੇ ਟੋਟੇ ਕਰ ਦਿੱਤੇ ਅਤੇ ਟੋਟਿਆਂ ਨੂੰ ਵੱਖ-ਵੱਖ ਥਾਵਾਂ ਤੇ ਸੁੱਟ ਦਿੱਤਾ। ਐਤਵਾਰ ਨੂੰ ਮ੍ਰਿਤਕ ਦਾ ਵੱਢਿਆ ਹੋਇਆ ਸਿਰ ਸੋਹੀਆਂ ਰੋਡ 'ਤੇ ਸਥਿਤ ਨਾਲੇੇ ਵਿਚੋ ਪੁਲਿਸ ਨੇ ਬਰਾਮਦ ਕੀਤਾ ਹੈ।
ਥਾਣਾ ਸਿਟੀ ਦੇ ਐੱਸਐੱਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਥਾਣਾ ਸਿਟੀ ਵਿਖੇ ਰਕੇਸ਼ ਕੁਮਾਰ ਨਿਵਾਸੀ ਬਿਹਾਰ ਹਾਲ ਆਬਾਦ ਪ੍ਰਤਾਪ ਨਗਰ ਸੰਗਰੂਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸਦੇ ਭਰਾ ਮੁਕੇਸ਼ ਕੁਮਾਰ ਵੱਲੋਂ ਲਿਖਾਈ ਗਈ ਸੀ ਜਿਸ ਵਿਚ ਮੁਕੇਸ਼ ਕੁਮਾਰ ਨੇ ਬਿਆਨਾ ਵਿਚ ਦੱਸਿਆ ਕਿ 18 ਫਰਵਰੀ ਨੂੰ ਉਸਦੇ ਭਰਾ ਦਾ ਮੋਬਾਈਲ ਫੋਨ ਬੰਦ ਹੋ ਗਿਆ ਜਿਸ ਕਰਕੇ ਉਸਨੇ ਆਪਣੇ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਸਦਾ ਕੋਈ ਪਤਾ ਨਾ ਲੱਗਾ।
ਮੁਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਰਕੇਸ਼ ਕੁਮਾਰ ਨੂੰ ਉਨ੍ਹਾਂ ਦੇ ਪਿੰਡ ਦੇ ਵਸਨੀਕ ਜੋ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿੰਦੇ ਹਨ, ਅਜੇ ਰਾਮ ਅਤੇ ਉਸਦੀ ਲੜਕੀ ਪ੍ਰਿਆ ਕੁਮਾਰੀ, ਲੜਕੇ ਅਕਾਸ਼ ਕੁਮਾਰ ਨੇ ਉਸਦਾ ਕਤਲ ਕਰਕੇ ਕਿਤੇ ਸੁੱਟ ਦਿੱਤਾ ਹੈ। ਪੁਲਿਸ ਨੇ ਬਿਆਨ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਪੜਤਾਲ ਕਰਨ ਮਗਰੋਂ ਅਜੇ ਰਾਮ, ਉਸਦੀ ਲੜਕੀ ਪ੍ਰਿਆ ਕੁਮਾਰੀ ਅਤੇ ਲੜਕੇ ਅਕਾਸ਼ ਰਾਮ ਦੇ ਖ਼ਿਲਾਫ ਕਤਲ ਅਧੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਅੱਜ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜਮ ਅਜੇ ਰਾਮ ਨੂੰ ਗ੍ਰਿਫਤਾਰ ਕਰਕੇ ਉਸਤੋ ਪੁੱਛਗਿੱਛ ਦੌਰਾਨ ਕੀਤੀ ਜਿਸ ਵਿਚ ਉਸਨੇ ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਦੱਸਿਆ ਕਿ ਘਟਨਾ ਵਾਲੀ ਰਾਤ ਉਸਨੇ ਅਤੇ ਰਾਕੇਸ਼ ਕੁਮਾਰ ਨੇ ਪਹਿਲਾਂ ਸ਼ਰਾਬ ਪੀਤੀ, ਜਦੋਂ ਰਾਕੇਸ਼ ਨਸ਼ੇ ਵਿਚ ਟੁੰਨ ਹੋ ਗਿਆ ਤਾਂ ਉਸਨੇ ਪਹਿਲਾਂ ਉਸਨੇ ਉਸਦਾ ਕਤਲ ਕੀਤਾ ਅਤੇ ਮਗਰੋ ਉਸਦੇ ਸਰੀਰ ਦੇ ਟੋਟੇ ਕਰਕੇ ਵੱਖ-ਵੱਖ ਥਾਵਾਂ ਤੇ ਸੁੱਟ ਦਿੱਤੇ। ਉਸਨੇ ਦੱਸਿਆ ਕਿ ਮ੍ਰਿਤਕ ਰਕੇਸ਼ ਕੁਮਾਰ ਦੇ ਉਸਦੀ ਘਰ ਵਾਲੀ ਨਾਲ ਨਾਜਾਇਜ਼ ਸਬੰਧ ਸਨ। ਇਸ ਲਈ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਅੱਜ ਉਸਦੀ ਨਿਸ਼ਾਨਦੇਹੀ ਤੇ ਸੋਹੀਆਂ ਵਾਲੇ ਨਾਲੇ ਵਿਚੋਂ ਰਕੇਸ਼ ਕੁਮਾਰ ਦਾ ਗਲਾ ਕੱਢ ਲਿਆ ਅਤੇ ਉਸਦੇ ਧੜ ਦੀ ਤਲਾਸ਼ ਕੀਤੀ ਜਾ ਰਹੀ ਹੈ।