ਕੂੜੇ ਦੇ ਢੇਰਾਂ ’ਚ ਤਬਦੀਲ ਹੋਇਆ ਸ਼ਹਿਰ ਸੰਗਰੂਰ

- ਸਫ਼ਾਈ ਸੇਵਕਾਂ ਕੀਤਾ ਐਲਾਨ ਮੰਤਰੀਆਂ ਦੇ ਘਰਾਂ ਅੱਗੇ ਲਾਵਾਂਗੇ ਕੂੜੇ ਦੇ ਢੇਰ
ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ’ਤੇ ਕਾਮਿਆਂ ਵੱਲੋਂ ਪਿਛਲੇ 14 ਦਿਨਾਂ ਤੋਂ ਲਗਾਤਾਰ ਹੜਤਾਲ ਜਾਰੀ ਹੈ। ਇਨ੍ਹਾਂ 14 ਦਿਨਾਂ ਦੌਰਾਨ ਸ਼ਹਿਰ ਖੂਬਸੂਰਤ ਦੀ ਥਾਂ ਬਦਸੂਰਤ ਨਜਰ ਆ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਕੂੜੇ ਦੇ ਢੇਰ ਅਤੇ ਉਨ੍ਹਾਂ ਤੇ ਮੂੰਹ ਮਾਰਦੇ ਲਾਵਾਰਿਸ ਪਸ਼ੂ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਾਰਾ ਸ਼ਹਿਰ ਕੂੜੇ ਦੇ ਢੇਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਹੁਣ ਕੂੜੇ ਦੇ ਢੇਰਾਂ ਤੋ ਬਦਬੂ ਮਾਰਨ ਲੱਗੀ ਹੈ। ਜਿਸ ਕਾਰਨ ਇਸ ਨਾਲ ਸ਼ਹਿਰ ਦਾ ਵਾਤਾਵਰਣ ਹੀ ਦੂਸ਼ਿਤ ਨਹੀਂ ਹੋ ਰਿਹਾ, ਬਲਕਿ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ। ਕਿਉਂਕਿ ਗਰਮੀ ਆਉਣ ਦੇ ਨਾਲ ਹੀ ਬਿਮਾਰੀਆਂ ਵੀ ਆ ਜਾਂਦੀਆਂ ਹਨ। ਸਥਾਨਕ ਰਣਬੀਰ ਕਲੱਬ ਗੇਟ ਦੇ ਅੱਗੇ ਲੱਗੇ ਵੱਡੇ ਕੂੜੇ ਦੇ ਢੇਰ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਨਾਲ ਬੈਠੇ ਸਬਜੀਆਂ ਫਲਾਂ ਵਾਲਿਆਂ ਦੇ ਨੱਕ ਵਿੱਚ ਦਮ ਹੋ ਗਿਆ ਹੈ। ਹਾਲਾਤ ਇਹ ਹਨ ਕਿ ਇੱਥੋ ਲੰਘਣਾ ਵੀ ਔਖਾ ਹੈ। ਸਾਰਾ ਦਿਨ ਸਬਜ਼ੀ ਅਤੇ ਫਲ ਇਸ ਜਗ੍ਹਾ ਸਾਰਾ ਦਿਨ ਕਿਵੇਂ ਬੈਠਦੇ ਹਨ, ਇਹ ਤਾਂ ਉਹੀ ਜਾਣਦੇ ਹਨ। ਸਬਜੀ ਮੰਡੀ ਤੋ ਇਲਾਵਾ ਇੱਥੇ ਆਦਰਸ਼ ਮਾਡਲ ਸਕੂਲ, ਸੈਨਿਕ ਰੈਸਟ ਹਾਊਸ, ਗੁਰੂ ਨਾਕ ਸਕੂਲ, ਸੰਤ ਕਬੀਰ ਪਾਰਕ ਸਥਿਤ ਹਨ। ਇੰਝ ਕਿਹਾ ਜਾਵੇ ਕਿ ਇਸ ਕੂੜੇ ਦੇ ਢੇਰ ਨੇ ਸਾਰਾ ਇਲਾਕਾ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ, ਰਣਬੀਰ ਕਾਲਜ ਰੋਡ, ਨਾਭਾ ਗੇਟ, ਪ੍ਰੇਮ ਬਸਤੀ ਰੋਡ ਤੋਂ ਇਲਾਵਾ ਹੋਰਨਾਂ ਕਈ ਹਿੱਸਿਆਂ ਵਿੱਚ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ।
ਉਧਰ ਸਫ਼ਾਈ ਸੇਵਕਾਂ ਦਾ ਰੋਹ ਵੀ ਸ਼ਿਖਰ ਤੇ ਹੈ ਅਤੇ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਚੁੱਕੇ ਹਨ। ਹਾਲਾਂਕਿ 15 ਅਤੇ 18 ਮਈ ਨੂੰ ਸਰਕਾਰ ਨਾਲ ਮੁੱਖ ਦਫਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ ਵੀ ਹੋਈਆਂ, ਪਰ ਇਹ ਮੀਟਿੰਗਾਂ ਕਿਸੇ ਤਣ ਪੱਤਣ ਨਾ ਲੱਗ ਸਕੀਆਂ। ਜਿਸ ਕਾਰਨ ਸਫ਼ਾਈ ਸੇਵਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ ਸੜਕਾਂ ’ਤੇ ਪਿਆ ਕੂੜਾ ਚੁੱਕ ਕੇ ਮੰਤਰੀਆਂ ਦੇ ਘਰਾਂ ਅੱਗੇ ਸੁੱਟ ਦੇਣਗੇ।
ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਤ ਬੇਦੀ ਨੇ ਕਿਹਾ ਕਿ ਯੂਨੀਅਨ ਦੇ ਆਗੂਆਂ ਦੇ ਨਿਰਦੇਸ਼ਾਂ ਹੇਠ ਨਗਰ ਕੌਸਲ ਸੰਗਰੂਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਇਹ ਹੜਤਾਲ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਦੋ ਮੀਟਿੰਗਾਂ ਵੀ ਹੋਈਆਂ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਜਾਏ ਆਨੇ ਬਹਾਨੇ ਉਨ੍ਹਾਂ ਦੀ ਹੜਤਾਲ ਖਤਮ ਕਰਵਾਉਣਾ ਚਾਹੁੰਦੀ ਹੈ, ਜੋ ਕਿ ਹਰਗਿਜ ਨਹੀਂ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਛੇਤੀ ਮੰਗਾਂ ਨਾ ਮੰਨੀਆਂ ਤਾਂ ਕੂੜੇ ਦੀਆਂ ਟਰਾਲੀਆਂ ਕੈਬਨਿਟ ਮੰਤਰੀਆਂ, ਵਿਧਾਇਕਾਂ ਦੇ ਘਰਾਂ ਅੱਗੇ ਸੁੱਟੀਆਂ ਜਾਣਗੀਆਂ। ਇਸ ਮੌਕੇ ਅਜੈ ਕੁਮਾਰ, ਊਸ਼ਾ ਦੇਵੀ, ਨਾਥਾ ਰਾਮ, ਅਸ਼ੋਕ ਕੁਮਾਰ, ਰਮੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਰੇਸ਼ ਬਾਦੜ਼, ਰਾਜੇਸ਼ ਕੁਮਾਰ, ਅਸ਼ੋਕ, ਸੰਜੀਵ ਸਾਹਨੀ, ਗੁਰਪ੍ਰੀਤ ਸਿੰਘ ਬਰਾੜ, ਅਮਰੀਕ ਸਿੰਘ, ਜਸਮੇਲ ਸਿੰਘ, ਸਿਲਕੀ ਬਾਂਸਲ, ਗਾਇਤਰੀ ਆਦਿ ਮੌਜੂਦ ਸਨ।