ਪੰਛੀਆਂ ਲਈ ਛੱਤਾਂ ’ਤੇ ਪਾਣੀ ਰੱਖਣ ਦੀ ਵਿੱਢੀ ਜਾਵੇ ਮੁਹਿੰਮ
ਪੰਛੀਆਂ ਲਈ ਛੱਤਾਂ 'ਤੇ ਪਾਣੀ ਰੱਖਣ ਦੀ ਵਿੱਢੀ ਜਾਵੇ ਮਹਿਮ
Publish Date: Wed, 15 Apr 2026 05:04 PM (IST)
Updated Date: Wed, 15 Apr 2026 05:06 PM (IST)

- ਬੇਜ਼ੁਬਾਨ ਪੰਛੀਆਂ ਲਈ ਗਰਮੀ ’ਚ ਪਾਣੀ ਦਾ ਪ੍ਰਬੰਧ ਕਰਨਾ ਵੱਡਾ ਪੁੰਨ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਦਾ ਅਸਰ ਸਿਰਫ਼ ਮਨੁੱਖਾਂ ’ਤੇ ਹੀ ਨਹੀਂ, ਸਗੋਂ ਬੇਜ਼ੁਬਾਨ ਪੰਛੀਆਂ ’ਤੇ ਵੀ ਪੈਂਦਾ ਹੈ। ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪੰਛੀਆਂ ਲਈ ਪਾਣੀ ਅਤੇ ਖੁਰਾਕ ਦੀ ਪ੍ਰਬੰਧਨਾ ਕਰਨ ਦੀ ਲੋੜ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਪੰਛੀਆਂ ਲਈ ਛੱਤਾਂ ’ਤੇ ਪਾਣੀ ਜ਼ਰੂਰ ਰੱਖੋ : ਗਰੇਵਾਲ ਸਮਾਜ ਸੇਵੀ ਆਗੂ ਸੰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਗਰਮੀ ਵਿੱਚ ਪੰਛੀਆਂ ਲਈ ਪਾਣੀ ਦੀ ਕਮੀ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ। ਦਰੱਖਤਾਂ ਦੀ ਘੱਟਦੀ ਗਿਣਤੀ ਅਤੇ ਸ਼ਹਿਰੀਕਰਨ ਕਾਰਨ ਪੰਛੀਆਂ ਦੇ ਕੁਦਰਤੀ ਸਰੋਤ ਖਤਮ ਹੋ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਇਕ ਵਿਅਕਤੀ ਆਪਣੀ ਛੱਤ ਤੇ ਪਾਣੀ ਨਾਲ ਭਰਿਆ ਕਟੋਰਾ ਰੱਖੇ। ਪ੍ਰਕਿਰਤੀ ਨਾਲ ਜੁੜਨਾ ਜ਼ਰੂਰੀ : ਖਹਿਰਾ ਸਮਾਜ ਸੇਵੀ ਅਮਰਜੀਤ ਸਿੰਘ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਉਣੀ ਚਾਹੀਦੀ ਹੈ। ਜੇਕਰ ਅਸੀਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪ੍ਰਕਿਰਤੀ ਅਤੇ ਜੀਵਾਂ ਨਾਲ ਪਿਆਰ ਕਰਨਾ ਸਿਖਾਵਾਂਗੇ, ਤਾਂ ਉਹ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣਨਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵੀ ਇਸ ਵਿਸ਼ੇ ’ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਪਾਣੀ ਪੰਛੀਆਂ ਨੂੰ ਵੱਡੀ ਰਾਹਤ ਦਿੰਦਾ ਹੈ : ਘਨੌਰ ਡਾ. ਸਿਕੰਦਰ ਘਨੌਰ ਖੁਰਦ ਨੇ ਕਿਹਾ ਕਿ ਪੰਛੀਆਂ ਨੂੰ ਗਰਮੀ ਦੇ ਮੌਸਮ ਵਿਚ ਪਾਣੀ ਕਾਫ਼ੀ ਜ਼ਰੂਰਤ ਹੁੰਦੀ ਹੈ, ਜੇਕਰ ਅਸੀਂ ਆਪਣੇ ਘਰਾਂ ਦੀਆਂ ਛੱਤਾਂ ਅਤੇ ਖਾਲ੍ਹੀ ਥਾਵਾਂ ’ਤੇ ਪਾਣੀ ਦੇ ਭਰ ਕੇ ਬਰਤਨ ਰੱਖ ਦੇਈਏ ਤਾਂ ਪੰਛੀ ਆਪਣੀ ਪਿਆਸ ਬੁਝਾ ਸਕਣਗੇ। ਇਸ ਮੁਹਿੰਮ ਦਾ ਸਾਨੂੰ ਹਿੱਸਾ ਬਣਨਾ ਚਾਹੀਦਾ ਹੈ। ਪੰਛੀ ਪਾਣੀ ਦੀ ਖੋਜ ’ਚ ਇੱਧਰ ਉੱਧਰ ਭਟਕਦੇ ਹਨ : ਖੇੜੀ ਐੱਸ ਕੌਲ ਕੰਪਿਊਟਰ ਸੈਂਟਰ ਸ਼ੇਰਪੁਰ ਦੇ ਮਾਲਕ ਗੁਰਦੀਪ ਸਿੰਘ ਖੇੜੀ ਕਲਾ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਵੀ ਗਰਮੀ ਦੌਰਾਨ ਪਾਣੀ ਦੀ ਕਮੀ ਹੋ ਜਾਂਦੀ ਹੈ। ਖੇਤਾਂ ਵਿੱਚ ਕੰਮ ਕਰਦੇ ਸਮੇਂ ਉਹ ਅਕਸਰ ਵੇਖਦੇ ਹਨ ਕਿ ਪੰਛੀ ਪਾਣੀ ਦੀ ਖੋਜ ਵਿੱਚ ਇਧਰ-ਉਧਰ ਭਟਕਦੇ ਹਨ। ਹਰ ਕਿਸੇ ਨੂੰ ਆਪਣੇ ਘਰ ਦੇ ਨੇੜੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬੇਜ਼ੁਬਾਨ ਪੰਛੀਆਂ ਨੂੰ ਪਾਣੀ ਦੇਣਾ ਵੱਡਾ ਪੁੰਨ :ਸੰਤ ਕਲੇਰਾਂ ਉੱਘੇ ਕਥਾ ਵਾਚਕ ਅਤੇ ਡੇਰਾ ਭੋਰਾ ਸਾਹਿਬ ਦੇ ਮੁਖੀ ਸਰਪੰਚ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਨੇ ਕਿਹਾ ਕਿ ਇਹ ਸਮਾਜਿਕ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬੇਸਹਾਰਾ ਜੀਵਾਂ ਦੀ ਮਦਦ ਕਰੀਏ। ਜੇ ਹਰ ਘਰ ਇੱਕ ਕਟੋਰਾ ਪਾਣੀ ਰੱਖੇ, ਤਾਂ ਹਜ਼ਾਰਾਂ ਪੰਛੀਆਂ ਨੂੰ ਰਾਹਤ ਮਿਲ ਸਕਦੀ ਹੈ।