ਸਲਾਬਤਪੁਰਾ ’ਚ ਸਾਧ ਸੰਗਤ ਨੇ ਮਨਾਇਆ ਸ਼ਾਹ ਮਸਤਾਨਾ ਅਵਤਾਰ ਮਹੀਨਾ ਭੰਡਾਰਾ
ਸਲਾਬਤਪੁਰਾ ’ਚ ਸਾਧ ਸੰਗਤ ਨੇ ਮਨਾਇਆ ਸ਼ਾਹ ਮਸਤਾਨਾ ਜੀ ਅਵਤਾਰ ਮਹੀਨਾ ਭੰਡਾਰਾ
Publish Date: Sun, 16 Nov 2025 06:30 PM (IST)
Updated Date: Sun, 16 Nov 2025 06:32 PM (IST)
ਭਦੌੜ : ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪ੍ਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਪੰਜਾਬ ਦੀ ਸਾਧ ਸੰਗਤ ਵੱਲੋਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਐੱਮਐੱਸਜੀ ਅਵਤਾਰ ਮਹੀਨਾ ਨਾਮ ਚਰਚਾ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇੰਨੀ ਦਿਨੀਂ ਭਾਵੇਂ ਕਣਕ ਦੀ ਬਿਜਾਈ ਆਦਿ ਦਾ ਕੰਮ ਸਿਖਰਾਂ ’ਤੇ ਹੈ ਪਰ ਇਸ ਦੇ ਬਾਵਜੂਦ ਭਾਰੀ ਗਿਣਤੀ ’ਚ ਸਾਧ ਸੰਗਤ ਪੁੱਜੀ। ਸਾਧ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਾਬਿਲ-ਏ-ਤਾਰੀਫ ਰਹੇ।
ਇਸ ਮੌਕੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਲੋੜਵੰਦਾਂ ਨੂੰ 134 ਕੰਬਲ ਵੰਡੇ ਗਏ। ਇਸ ਮੌਕੇ ਕਵੀਰਾਜਾਂ ਵੱਲੋਂ ਸ਼ਬਦ-ਭਜਨ ਬੋਲੇ ਗਏ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਸਾਧ ਸੰਗਤ ਨੂੰ ਵੱਡੀਆਂ ਸਕਰੀਨਾਂ ਰਾਹੀਂ ਸੁਣਾਏ ਗਏ। ਪਵਿੱਤਰ ਅਨਮੋਲ ਬਚਨਾਂ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ਬਾਰੇ ਤੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਬਾਰੇ ਵਿਸਥਾਰ ’ਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਡੇਰੇ ਨੂੰ ਚਲਾਇਆ, ਸਜਾਇਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਦੇ ਖਾਤਮੇ ਹਿੱਤ ਗਾਏ ਗੀਤਾਂ ‘ਜਾਗੋ ਦੁਨੀਆ ਦੇ ਲੋਕੋ’ ਅਤੇ ‘ਦੇਸ਼ ਦੀ ਜਵਾਨੀ’ ’ਤੇ ਸਾਧ ਸੰਗਤ ਝੂਮ ਉੱਠੀ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਛਡਵਾਉਣ ਲਈ ਪ੍ਰੇਰਿਤ ਕਰਦੀ ਤੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੀ ਹੱਡਬੀਤੀ ਬਿਆਨ ਕਰਦੀ ਡਾਕੂਮੈਂਟਰੀ ਵੀ ਦਿਖਾਈ ਗਈ, ਜਿਸ ’ਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਨੌਜਵਾਨਾਂ ਨੇ ਰਾਮ-ਨਾਮ ਨਾਲ ਜੁੜ ਕੇ ਚਿੱਟੇ ਵਰਗੇ ਮਾਰੂ ਨਸ਼ੇ ਕੁਝ ਦਿਨਾਂ ’ਚ ਹੀ ਛੱਡ ਦਿੱਤੇ। ਸਾਧ ਸੰਗਤ ਡੇਰਾ ਸੱਚਾ ਸੌਦਾ ਨਾਲ ਸਬੰਧਿਤ ਪਵਿੱਤਰ ਮਹੀਨੇ ਮਾਨਵਤਾ ਭਲਾਈ ਦੇ ਕਾਰਜ ਕਰ ਕੇ ਮਨਾਉਂਦੀ ਹੈ, ਜਿਸ ਤਹਿਤ 134 ਲੋੜਵੰਦਾਂ ਨੂੰ ਸਰਦੀ ਤੋਂ ਬਚਾਅ ਲਈ ਕੰਬਲ ਵੰਡੇ ਗਏ। ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਸੇਵਾਦਰਾਂ ਵੱਲੋਂ ਕੁੱਝ ਹੀ ਸਮੇਂ ’ਚ ਸਾਧ ਸੰਗਤ ਨੂੰ ਲੰਗਰ ਭੋਜਨ ਛਕਾਇਆ ਗਿਆ।