ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
ਪਿੰਡ ਸੇਖਾ ਵਿਖੇ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
Publish Date: Wed, 20 May 2026 04:16 PM (IST)
Updated Date: Wed, 20 May 2026 04:19 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਬੀਤੀ ਰਾਤ ਪਿੰਡ ਸੇਖਾ ਵਿਖੇ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਨਦੀਪ ਕੌਰ ਪਤਨੀ ਕਾਕਾ ਸਿੰਘ ਵਾਸੀ ਪਿੰਡ ਸੇਖਾ ਨੇ ਦੱਸਿਆ ਕਿ ਉਹ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਬੀਤੀ ਰਾਤ ਕਰੀਬ 10:30 ਵਜੇ ਉਹ ਆਪਣੀ ਬੇਟੀ ਨਾਲ ਘਰ ਅੰਦਰ ਸੁੱਤੀ ਪਈ ਸੀ। ਮਕਾਨ ਦੀ ਹਾਲਤ ਜਿਆਦਾ ਖ਼ਰਾਬ ਹੋਣ ਕਾਰਨ ਉਸ ਦੇ ਕੱਚੇ ਮਕਾਨ ਦੀ ਛੱਤ ਅਚਾਨਕ ਡਿੱਗ ਗਈ। ਜਿਸ ਕਾਰਨ ਉਹ ਮਕਾਨ ਦੇ ਮਬਲੇ ਹੇਠਾਂ ਆ ਗਈ। ਇਸ ਘਟਨਾ ’ਚ ਉਸ ਦੀ ਬੇਟੀ ਸਿਮਰਨ ਕੌਰ ਗੰਭੀਰ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਮਲਬੇ ਹੇਠੋਂ ਕੱਢਿਆ। ਪੀੜਤ ਔਰਤ ਨੇ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਸਾਰਾ ਘਰੇਲੂ ਸਮਾਨ ਪੂਰੀ ਤਰ੍ਹਾਂ ਨਾਲ ਖ਼ਰਾਬ ਤੇ ਟੁੱਟ ਭੱਜ ਹੋ ਗਿਆ ਹੈ। ਉਸ ਦੇ ਘਰ ਦੀ ਹਾਲਤ ਵੀ ਬਹੁਤ ਜ਼ਿਆਦਾ ਮਾੜੀ ਹੈ, ਜਿਸ ਕਰ ਕੇ ਉਹ ਨਵੇਂ ਮਕਾਨ ਦੀ ਉਸਾਰੀ ਵੀ ਨਹੀਂ ਕਰ ਸਕਦੀ ਹੈ। ਪੀੜਤ ਔਰਤ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਘਰ ਬਣਾਉਣ ਲਈ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।