ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 7 ਅਪ੍ਰੈਲ ਤੱਕ ਜਵਾਬ ਫਾਈਲ ਕਰਨ ਦਾ ਦਿੱਤਾ ਮੌਕਾ
ਮਾਮਲਾ ਨਗਰ ਕੌਂਸਲ ਬਰਨਾਲਾ ਦਾ ਕਾਰਜਕਾਲ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਦਾ
Publish Date: Thu, 02 Apr 2026 08:34 PM (IST)
Updated Date: Fri, 03 Apr 2026 04:17 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ’ਚ ਤਬਦੀਲ ਕੀਤੇ ਜਾਣ ਤੋਂ ਬਾਅਦ ਨਗਰ ਕੌਂਸਲ ਬਰਨਾਲਾ ਦਾ ਕਾਰਜਕਾਲ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਵਿਰੁੱਧ ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰ. 5 ਦੇ ਕੌਂਸਲਰ ਬੀਬੀ ਸਤਵੀਰ ਕੌਰ ਜਾਗਲ, ਵਾਰਡ ਨੰ. 11 ਦੇ ਕੌਂਸਲਰ ਦੀਪਿਕਾ ਸ਼ਰਮਾ ਅਤੇ ਵਾਰਡ ਨੰ. 13 ਦੇ ਕੌਂਸਲਰ ਰਣਦੀਪ ਕੌਰ ਬਰਾੜ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਾਈ ਗਈ ਰਿੱਟ ਪਟੀਸ਼ਨ ’ਤੇ ਹੁਣ 7 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਰਣਦੀਪ ਕੌਰ ਬਰਾੜ ਦੇ ਪਤੀ ਤੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ, ਕੌਂਸਲਰ ਦੀਪਿਕਾ ਸ਼ਰਮਾ ਦੇ ਪਤੀ ਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਅਤੇ ਕੌਂਸਲਰ ਸਤਵੀਰ ਕੌਰ ਜਾਗਲ ਦੇ ਪੁੱਤਰ ਤੇ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ 7 ਅਪ੍ਰੈਲ ਤੱਕ ਜਵਾਬ ਫਾਈਲ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਅਗਲੀ ਸੁਣਵਾਈ ਦੀ ਤਾਰੀਖ਼ ਤੱਕ ਜਵਾਬ ਦਾਇਰ ਨਹੀਂ ਕੀਤਾ ਜਾਂਦਾ ਹੈ ਤਾਂ ਰਿਕਾਰਡ ਦੇ ਆਧਾਰ ’ਤੇ ਢੁੱਕਵੇਂ ਆਦੇਸ਼ ਪਾਸ ਕੀਤੇ ਜਾਣਗੇ। ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ ਨੇ ਦੱਸਿਆ ਕਿ 7 ਅਪ੍ਰੈਲ ਦੇ ਅਦਾਲਤ ਦੇ ਅਹਿਮ ਫੈਸਲੇ ਆਉਣ ’ਤੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਸਿਆਸੀ ਹਲਚਲ ਹੋਵੇਗੀ।