ਰਾਈਸ ਮਿੱਲਰਾਂ ਨੇ ਐੱਫਸੀਆਈ ਦਫ਼ਤਰ ’ਚ ਲਾਇਆ ਧਰਨਾ
ਰਾਈਸ ਮਿਲਰਾਂ ਨੇ ਐਫਸੀਆਈ ਦਫਤਰ ’ਚ ਲਾਇਆ ਧਰਨਾ
Publish Date: Wed, 25 Mar 2026 06:24 PM (IST)
Updated Date: Wed, 25 Mar 2026 06:26 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ਸੰਗਰੂਰ : ਧੂਰੀ ਵਿੱਚ ਰਾਈਸ ਮਿਲਰਜ਼ ਨੂੰ ਸਪੈਸ਼ਲ ਨਾ ਲਾਉਣ ਦੇ ਰੋਸ ਵਿੱਚ ਧੂਰੀ ਰਾਈਸ ਮਿਲਰਜ਼ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐੱਫਸੀਆਈ ਦਫ਼ਤਰ ਵਿੱਚ ਰੋਸ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੱਖਪਾਤ ਕਰਨ ਦੇ ਦੋਸ਼ ਲਾਏ। ਇਸ ਮੌਕੇ ਐਸੋਸੀਏਸ਼ਨ ਦੇ ਆਗੂ ਵਿਜੇ ਸਿੰਗਲਾ ਨੇ ਦੱਸਿਆ ਕਿ ਧੂਰੀ ਵਿੱਚ ਸਪੈਸ਼ਲਾਂ ਨਾਮਾਤਰ ਹੀ ਲੱਗਦੀਆਂ ਹਨ। ਅਜਿਹੇ ਵਿੱਚ ਰਾਈਸ ਮਿੱਲਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੈਲਰਾਂ ਵਿੱਚੋਂ 31 ਮਾਰਚ ਤੱਕ ਸਾਰਾ ਮਾਲ ਖਾਲੀ ਹੋਣਾ ਚਾਹੀਦਾ ਹੈ। ਜਦਕਿ ਸ਼ੈਲਰਾਂ ਵਿੱਚ ਵੱਡੀ ਗਿਣਤੀ ਮਾਲ ਪਿਆ ਹੈ। ਜੇਕਰ ਹਾਲਾਤ ਇਹੀ ਰਹੇ ਤਾਂ ਅਗਲੇ ਸਾਲ ਤੱਕ ਵੀ ਇਸ ਮਾਲ ਨੂੰ ਚੁੱਕ ਪਾਉਣਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਐੱਫਸੀਆਈ ਅਧੀਨ ਹੈ ਅਤੇ ਮਾਲ ਨੂੰ ਚੁੱਕਣ ਦੀ ਜ਼ਿੰਮੇਵਾਰੀ ਵੀ ਐੱਫਸੀਆਈ ਏਜੰਸੀ ਦੀ ਹੁੰਦੀ ਹੈ। ਪਰ ਐੱਫਸੀਆਈ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਰਾਈਸ ਮਿਲਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਈਸ ਮਿੱਲਰਾਂ ਨੂੰ ਕਿਤੇ ਘੱਟ ਅਤੇ ਕਿਤੇ ਵੱਧ ਗੱਡੀਆਂ ਦੇਣ ਕਾਰਨ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੀ ਬੋਅ ਵੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਜ਼ਿਲ੍ਹੇ ਵਿੱਚ ਰਾਈਸ ਮਿਲਰਜ਼ ਨੂੰ ਬਰਾਬਰ ਗੱਡੀਆਂ ਦਿੱਤੀਆਂ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ ਵੱਧ ਚੜਾਵਾ ਚੜ੍ਹਾਇਆ ਜਾਂਦਾ ਹੈ, ਉੱਥੇ ਗੱਡੀਆਂ ਵੀ ਵੱਧ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਸੰਗਰੂਰ ਜ਼ਿਲ੍ਹੇ ਧੂਰੀ ਜੰਕਸ਼ਨ ਹੈ, ਇਸ ਲਈ ਇੱਥੇ ਰਾਈਸ ਮਿਲਰਾਂ ਨੂੰ ਗੱਡੀਆਂ ਵੀ ਜ਼ਿਆਦਾ ਦੇਣੀਆਂ ਬਣਦੀਆਂ ਹਨ, ਪਰ ਅਜਿਹਾ ਨਹੀਂ ਹੋ ਰਿਹਾ। ਜਿਸ ਦਾ ਰਾਈਸ ਮਿਲਰਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਮਜਬੂਰੀਵਸ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰਦਰਸ਼ਨ ਦੌਰਾਨ ਰਾਈਸ ਮਿੱਲਰਾਂ ਨੂੰ ਐੱਫਸੀਆਈ ਦੇ ਡੀਐੱਮ ਦੇ ਪੀਏ ਸੁਰਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਉਨ੍ਹਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਅਤੇ ਬਣਦਾ ਹਿੱਸਾ ਪੂਰਾ ਦਿੱਤਾ ਜਾਵੇਗਾ। ਇਸ ਮੌਕੇ ਸੁਰੇਸ਼ ਜਿੰਦਲ, ਬਲਵਿੰਦਰ ਕੁਮਾਰ, ਹਨੀ ਸਿੰਘ, ਵਿਜੈ ਬਾਂਸਲ, ਨਿਤਿਨ ਬਾਂਸਲ, ਬੇਅੰਤ ਸਿੰਘ, ਸਿਮਰ ਕੁਮਾਰ ਸ਼ੰਮੀ, ਰਜੇਸ਼ ਕੁਮਾਰ ਸੰਨੀ ਆਦਿ ਹਾਜ਼ਰ ਸਨ।