ਸੰਗਰੂਰ ਦੇ ਸਕੂਲਾਂ ’ਚ ਪਹੁੰਚੀ ਤਰਕਸ਼ੀਲ ਸਾਹਿਤ ਵੈਨ
ਸੰਗਰੂਰ ਦੇ ਸਕੂਲਾਂ ’ਚ ਪਹੁੰਚੀ ਤਰਕਸ਼ੀਲ ਸਾਹਿਤ ਵੈਨ
Publish Date: Wed, 06 May 2026 05:02 PM (IST)
Updated Date: Wed, 06 May 2026 05:05 PM (IST)

- ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਦਾ ਉਪਰਾਲਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ-ਬਰਨਾਲਾ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਕਿ ਸੁਸਾਇਟੀ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਜਿੱਥੇ ਆਏ ਸਾਲ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਕਰਵਾ ਰਹੀ ਹੈ, ਉੱਥੇ ਤਰਕਸ਼ੀਲ ਸਾਹਿਤ ਵੈਨ ਵੀ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਲਗਾਤਾਰ ਜਾ ਰਹੀ ਹੈ, ਤਾਂ ਜੋ ਵਿਦਿਆਰਥੀ ਵਿਗਿਆਨਕ ਵਿਚਾਰਾਂ ਵਾਲ਼ੀਆਂ ਪੁਸਤਕਾਂ ਪੜ੍ਹ ਕੇ ਵਿਗਿਆਨਕ ਦ੍ਰਿਸ਼ਟੀ ਕੋਣ ਦੇ ਮਾਲਕ ਬਣ ਸਕਣ।ਇਹ ਤਰਕਸ਼ੀਲ ਸਾਹਿਤ ਵੈਨ ਵੱਖ- ਵੱਖ ਤਰਕਸ਼ੀਲ ਇਕਾਈਆਂ ਵਿੱਚ ਜਾਂਦੀ ਹੈ ਤੇ ਤਰਕਸ਼ੀਲ ਕਾਰਕੁੰਨ ਵੱਖੋ ਵੱਖ ਵਿਦਿਅਕ ਅਦਾਰਿਆਂ ਤੇ ਪਿੰਡਾਂ, ਸ਼ਹਿਰਾਂ ਦੇ ਇਕੱਠ ਵਾਲੇ ਥਾਵਾਂ ਤੇ ਲੈ ਕੇ ਜਾਂਦੇ ਹਨ ਤੇ ਲੋਕਾਂ ਨੂੰ ਇਹ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਨ। ਪਿਛਲੇ ਦਿਨੀਂ ਤਰਕਸ਼ੀਲ ਸਾਹਿਤ ਵੈਨ ਤਿੰਨ ਦਿਨਾਂ ਲਈ ਇਕਾਈ ਸੰਗਰੂਰ ਕੋਲ ਆਈ ਤੇ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ ਬਾਲਦ ਕਲਾਂ, ਪਰਮਿੰਦਰ ਸਿੰਘ, ਮਾਸਟਰ ਰਣਜੀਤ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ ਆਦਿ ਤਰਕਸ਼ੀਲ ਆਗੂ, ਤਰਕਸ਼ੀਲ ਸਾਹਿਤ ਵੈਨ ਨੂੰ ਪਹਿਲੇ ਦਿਨ ਸਾਥੀ ਮਨਧੀਰ ਸਿੰਘ ਦੇ ਸਨਮਾਨ ਸਮਾਗਮ ਮੌਕੇ ਜੇਜੀ ਪੈਲੇਸ ਸੰਗਰੂਰ ਤੇ ਸ਼ਾਮ ਨੂੰ ਸਥਾਨਕ ਸਿਟੀ ਪਾਰਕ, ਅਗਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਲੈ ਕੇ ਗਏ। ਸਕੂਲ ਪ੍ਰਿੰਸੀਪਲ ਪਰਮਿੰਦਰ ਲੌਂਗੋਵਾਲ ਨੇ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ ਨਾਲ ਭਰਪੂਰ ਚਲਦੀ ਫਿਰਦੀ ਲਾਇਬ੍ਰੇਰੀ ਰੂਪੀ ਤਰਕਸ਼ੀਲ ਸਾਹਿਤ ਵੈਨ, ਸਕੂਲ ਵਿੱਚ ਲਿਆਉਣ ਲਈ ਉਨ੍ਹਾਂ ਦਾ ਸਵਾਗਤ ਕੀਤਾ ਤੇ ਲੈਕਚਰਾਰ ਲਖਵੀਰ ਸਿੰਘ ਨੇ ਧੰਨਵਾਦ ਕੀਤਾ। ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾ ਭਰਮਾਂ ਤੇ ਰੂੜ੍ਹੀਵਾਦੀ ਸੋਚ ਦੇ ਹਨੇਰੇ ਵਿਚੋਂ ਕੱਢ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਉਣਾ ਹੈ। ਸਾਹਿਤ ਵੈਨ ਵਿੱਚ ਬਹੁਤ ਹੀ ਅਗਾਂਹ ਵਧੂ ਵਿਚਾਰਾਂ ਵਾਲ਼ੀਆਂ ਪੁਸਤਕਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਹਾਜ਼ਰੀਨ ਆਪਣਾ ਸੋਚਣ ਢੰਗ ਵਿਗਿਆਨਕ ਬਣਾਓਗੇ। ਅਖੀਰਲੇ ਦਿਨ ਤਰਕਸ਼ੀਲ ਆਗੂ ਵੈਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਲੈ ਕੇ ਗਏ। ਇਕਾਈ ਸੰਗਰੂਰ ਲਈ ਤਰਕਸ਼ੀਲ ਸਾਹਿਤ ਵੈਨ ਦਾ ਸਫ਼ਰ ਵਿਦਿਆਰਥੀਆਂ ਤੇ ਲੋਕਾਂ ਲਈ ਸਿੱਖਿਆਦਾਇਕ ਰਿਹਾ। ਸ਼ਾਮ ਸਮੇਂ ਇਹ ਵੈਨ ਇਕਾਈ ਦਿੜ੍ਹਬਾ ਵਿਖੇ ਗਿਆਨ ਦਾ ਚਾਨਣ ਦੇਣ ਵਾਲੀਆਂ ਪੁਸਤਕਾਂ ਲੈ ਕੇ ਚਲੀ ਗਈ।