ਨਰੇਗਾ ਕਰਮਚਾਰੀਆਂ ਦਾ ਰੋਸ ਤੇਜ਼
ਨਰੇਗਾ ਕਰਮਚਾਰੀਆਂ ਦਾ ਰੋਸ ਤੇਜ – ਬੀਡੀਪੀਓ ਮਹਿਲ ਕਲਾਂ ਨੂੰ ਦਿੱਤਾ ਚੇਤਾਵਨੀ ਪੱਤਰ
Publish Date: Mon, 11 May 2026 03:51 PM (IST)
Updated Date: Tue, 12 May 2026 04:00 AM (IST)

ਬੀਡੀਪੀਓ ਮਹਿਲ ਕਲਾਂ ਨੂੰ ਦਿੱਤਾ ਚਿਤਾਵਨੀ ਪੱਤਰ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਮਹਿਲਕਲਾਂ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਦੀ ਅਗਵਾਈ ਹੇਠ ਮਨਰੇਗਾ ਕਰਮਚਾਰੀਆਂ ਨੇ ਬਕਾਇਆ ਤਨਖਾਹਾਂ ਤੇ ਹੋਰ ਮੰਗਾਂ ਸਬੰਧੀ ਰੋਸ ਪ੍ਰਗਟ ਕਰਦਿਆਂ ਬੀਡੀਪੀਓ ਭੂਸ਼ਣ ਕੁਮਾਰ ਤੇ ਬਲਾਕ ਸੰਮਤੀ ਮਹਿਲ ਕਲਾਂ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਨੂੰ ਚੇਤਾਵਨੀ ਪੱਤਰ ਸੌਂਪਿਆ ਗਿਆ। ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਸੂਬਾ ਭਰ ਦੇ ਨਰੇਗਾ ਮੁਲਾਜ਼ਮ ਇਸ ਸਮੇਂ ਬਹੁਤ ਤਣਾਅਪੂਰਨ ਹਾਲਾਤਾਂ ’ਚੋਂ ਗੁਜ਼ਰ ਰਹੇ ਹਨ। ਇਕ ਪਾਸੇ ਕਰਮਚਾਰੀਆਂ ’ਤੇ ਬੇਹੱਦ ਕੰਮ ਦਾ ਬੋਝ ਹੈ ਤੇ ਦੂਜੇ ਪਾਸੇ ਪਿਛਲੇ 5–6 ਮਹੀਨਿਆਂ ਤੋਂ ਤਨਖਾਹਾਂ ਲਟਕੀਆਂ ਹੋਈਆਂ ਹਨ, ਜਿਸ ਕਾਰਨ ਘਰੇਲੂ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਨਰੇਗਾ ਕਰਮਚਾਰੀ ਆਮ ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਤੇ ਉਨ੍ਹਾਂ ਦੀ ਆਮਦਨ ਸਿਰਫ਼ ਤਨਖਾਹ ’ਤੇ ਨਿਰਭਰ ਕਰਦੀ ਹੈ। ਇਸ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਜੁਰਮਾਨੇ ਤੇ ਟਰਮੀਨੇਸ਼ਨ ਵਰਗੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 17–18 ਸਾਲਾਂ ਦੌਰਾਨ ਪਿੰਡਾਂ ਦੇ 80 ਫੀਸਦੀ ਵਿਕਾਸੀ ਕੰਮ ਨਰੇਗਾ ਕਰਮਚਾਰੀਆਂ ਵੱਲੋਂ ਕਰਵਾਏ ਗਏ ਹਨ, ਪਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਮਾਰਚ 2025 ’ਚ ਹੋਈ ਮੀਟਿੰਗ ਦੌਰਾਨ ਨਰੇਗਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਮਨਜ਼ੂਰ ਕਰਕੇ ਅਗਸਤ–ਸਤੰਬਰ 2025 ਤੱਕ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕਈ ਵਾਰ ਮੰਗ ਪੱਤਰ ਅਤੇ ਯਾਦ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਫੈਸਲਾ ਨਹੀਂ ਲਿਆ ਗਿਆ, ਜਿਸ ਨਾਲ ਮੁਲਾਜ਼ਮਾਂ ’ਚ ਗਹਿਰਾ ਰੋਸ ਪੈਦਾ ਹੋ ਗਿਆ ਹੈ। ਯੂਨੀਅਨ ਵੱਲੋਂ ਪਹਿਲਾਂ ਹੀ 4 ਮਈ 2026 ਤੋਂ ਨਰੇਗਾ ਦੇ ਕੰਮਾਂ ਤੋਂ ਇਲਾਵਾ ਹੋਰ ਵਾਧੂ ਸਰਕਾਰੀ ਕੰਮਾ ਜਿਵੇਂ ਬੀਓਸੀਡਬਲਿਊ ਸਰਵੇ, ਪਰਾਲੀ ਸਾੜਨ ਸੰਬੰਧੀ ਮੁਹਿੰਮ, ਸੋਸ਼ਲ ਆਡਿਟ ਅਤੇ ਹੋਰ ਵਿਭਾਗੀ ਡਿਊਟੀਆ ਦਾ ਪੂਰਨ ਬਾਇਕਾਟ ਕੀਤਾ ਜਾ ਚੁੱਕਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੈਨਲ ਮੀਟਿੰਗ ਬੁਲਾ ਕੇ ਮਨਜ਼ੂਰ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਸਾਰੀ ਬਕਾਇਆ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ। ਅੰਤ ’ਚ ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ 13 ਮਈ 2026 ਨੂੰ ਸੂਬੇ ਭਰ ਦੇ ਨਰੇਗਾ ਮੁਲਾਜ਼ਮ ਮਾਰਚ ਕਰਦੇ ਹੋਏ ਪੰਚਾਇਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਏਪੀਓ ਰਮਨਦੀਪ ਕੌਰ, ਜੇਈ ਇੰਦਰਜੀਤ ਸਿੰਘ, ਕੰਪਿਊਟਰ ਅਪਰੇਟਰ ਜਸਬੀਰ ਕੌਰ, ਗ੍ਰਾਮ ਸੇਵਕ ਮਹਿੰਦਰ ਸਿੰਘ ਮਹਿਲ ਕਲਾਂ, ਗ੍ਰਾਮ ਸੇਵਕ ਹਰਪ੍ਰੀਤ ਕੌਰ ਗਹਿਲ, ਕੁਲਵੀਰ ਕੌਰ, ਗ੍ਰਾਮ ਸੇਵਕ ਕੁਲਦੀਪ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।