ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਮਾਨਸਿਕ ਪ੍ਰੇਸਾਨੀ ਕਾਰਨ ਇਕ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Publish Date: Sat, 02 May 2026 05:33 PM (IST)
Updated Date: Sun, 03 May 2026 04:09 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਿਸਾਨ ਪਰਿਵਾਰ ਨਾਲ ਸਬੰਧਿਤ ਇਕ ਵਿਅਕਤੀ ਨੇ ਦਿਮਾਗੀ ਪਰੇਸ਼ਾਨੀ ਕਾਰਨ ਆਪਣੇ ਘਰ ਅੰਦਰ ਫਾਹਾ ਲਗਾ ਕੇ ਜੀਵਨਲੀਲਾ ਸਮਾਪਤ ਕਰ ਲਈ। ਇਸ ਘਟਨਾ ਨਾਲ ਪਿੰਡ ਤੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਧਨੌਲਾ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ (42) ਪੁੱਤਰ ਸੁਦਾਗਰ ਸਿੰਘ ਵਾਸੀ ਵਜੀਦਕੇ ਕਲਾਂ ਵਜੋਂ ਹੋਈ ਹੈ। ਉਹ ਆਪਣੀ ਗੱਡੀ ਰਾਹੀਂ ਦਿੱਲੀ ਏਅਰਪੋਰਟ ਤੱਕ ਸਵਾਰੀਆਂ ਨੂੰ ਲਿਜਾਣ ਤੇ ਲਿਆਉਣ ਦਾ ਕੰਮ ਕਰਦਾ ਸੀ। ਪਿਛਲੇ ਕੁਝ ਸਮੇਂ ਤੋਂ ਆਵਾਜਾਈ ਘਟਣ ਕਾਰਨ ਉਸਦਾ ਕੰਮ ਪ੍ਰਭਾਵਿਤ ਹੋਇਆ ਤੇ ਉਹ ਮਨੋਵਿਗਿਆਨਕ ਤਣਾਅ ਦਾ ਸ਼ਿਕਾਰ ਹੋ ਗਿਆ ਸੀ। ਇਸੇ ਤਣਾਅ ਦੇ ਚਲਦਿਆਂ ਉਸਨੇ ਘਰ ਅੰਦਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਸੱਤਵੀਂ ਕਲਾਸ ’ਚ ਪੜ੍ਹਦਾ 12 ਸਾਲ ਦਾ ਪੁੱਤਰ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਏਐੱਸਆਈ ਜਸਵਿੰਦਰ ਸਿੰਘ ਵੱਲੋਂ ਧਾਰਾ 194 ਬੀਐੱਨਐੱਸਐੱਸ ਤਹਿਤ ਥਾਣਾ ਠੁੱਲੀਵਾਲ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।