ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਅਦਾਲਤ ਰਾਹੀਂ ਮਿਲੇਗਾ ਡੀਏ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਮਾਨਯੋਗ ਅਦਾਲਤ ਰਾਹੀਂ ਮਿਲੇਗਾ ਡੀ. ਏ
Publish Date: Wed, 08 Apr 2026 05:03 PM (IST)
Updated Date: Wed, 08 Apr 2026 05:05 PM (IST)
- ਕਾਂਗਰਸ ਪਾਰਟੀ ਨੇ ਵਿਧਾਨ ਸਭਾ ’ਚ ਉਠਾਇਆ ਸੀ ਮੁੱਦਾ : ਕਮਲਜੀਤ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲ ਕਲਾਂ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਮਹਿੰਗਾਈ ਭੱਤਾ ਪਿਛਲੇ ਲੰਬੇ ਸਮੇਂ ਤੋਂ ਦੱਬ ਰੱਖਿਆ ਹੈ, ਜਿਸ ਕਰ ਕੇ ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਪੈਂਡਿੰਗ ਪਿਆ ਮਹਿੰਗਾਈ ਭੱਤਾ 30 ਜੂਨ 2026 ਤੱਕ ਹਰ ਹਾਲਤ ਦੇ ਵਿੱਚ ਰਿਲੀਜ਼ ਕੀਤਾ ਜਾਵੇ। ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਅਹਿਮ ਕੜੀ ਹੁੰਦੇ ਹਨ ਅਤੇ ਮੁਲਾਜ਼ਮਾਂ ਦੇ ਕਰ ਕੇ ਹੀ ਸਰਕਾਰ ਦੀਆਂ ਸਕੀਮਾਂ ਅਤੇ ਸਹੂਲਤਾਂ ਲੋਕਾਂ ਤੱਕ ਪੁੱਜਦੀਆਂ ਹਨ ਤੇ ‘ਆਪ’ ਸਰਕਾਰ ਸ਼ੁਰੂ ਤੋਂ ਹੀ ਮੁਲਾਜ਼ਮ ਵਿਰੋਧੀ ਰਹੀ ਹੈ ਅਤੇ ਹੁਣ ਮੁਲਾਜ਼ਮਾਂ ਦੇ ਭੱਤੇ ਦੱਬ ਕੇ ਇਹੀ ਪੈਸਾ ਦਿੱਲੀ ਵਾਲਿਆਂ ਨੂੰ ਲੁਟਾਇਆ ਜਾ ਰਿਹਾ ਸੀ, ਉਨ੍ਹਾਂ ਦੱਸਿਆ ਕਿ ਮਹਿੰਗਾਈ ਭੱਤੇ ਨੂੰ ਲੈ ਕਿ ਕਾਂਗਰਸ ਪਾਰਟੀ ਨੇ ਵਿਰੋਧੀ ਧਿਰ ਦਾ ਰੋਲ ਅਦਾ ਕਰਦੇ ਹੋਏ ਇਹ ਮਾਮਲਾ ਜ਼ੋਰ ਨਾਲ ਵਿਧਾਨ ਸਭਾ ਦੇ ਵਿੱਚ ਵੀਂ ਉਠਾਇਆ ਸੀ। ਉਨ੍ਹਾਂ ਕਿਹਾ ਕਿ ਪਰ ਸਰਕਾਰ ਨੂੰ ਇਹ ਮਹਿੰਗਾਈ ਭੱਤਾ ਬਿਨਾਂ ਕਿਸੇ ਸੰਘਰਸ਼ ਜਾਂ ਅਦਾਲਤੀ ਪ੍ਰਕਿਰਿਆ ਦੇ ਮੁਲਾਜ਼ਮਾਂ ਨਾਲ ਬੈਠ ਕੇ ਸਿੱਧੇ ਗੱਲਬਾਤ ਦੌਰਾਨ ਪਹਿਲਾਂ ਹੀ ਦੇਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸੀ ਸਰਕਾਰ ਆਉਣ ਤੇ ਮੁਲਾਜ਼ਮਾਂ ਨੂੰ ਬਣਦੇ ਸਾਰੇ ਹੱਕ ਦਿੱਤੇ ਜਾਣਗੇ ਤੇ ਪੁਰਾਣੀ ਪੈਨਸ਼ਨ ਨੂੰ ਲਾਗੂ ਕੀਤਾ ਜਾਵੇਗਾ।