ਪੰਜਾਬ ਸਰਕਾਰ ਨੇ ਰੋਸ਼ਨ ਪੰਜਾਬ ਮਿਸ਼ਨ ਤਹਿਤ ਬਰਨਾਲਾ ਨੂੰ ਦਿੱਤੇ 93 ਕਰੋੜ:ਮੀਤ ਹੇਅਰ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਮੈਂਬਰ ਸੰਸਦ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਰੋਸ਼ਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਨੂੰ 93 ਕਰੋੜ ਰੁਪਏ ਦੇ ਫੰਡ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਵੱਲੋਂ ਪੰਜਾਬ ’ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੀਆ ਕਰਨ ਲਈ 5016 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ’ਚ ਵੰਡ ਹਲਕਾ ਬਰਨਾਲਾ ਅਧੀਨ ਪੈਂਦੇ ਬਰਨਾਲਾ ਜ਼ਿਲ੍ਹੇ ’ਚ 93 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਬਿਜਲੀ ਸਪਲਾਈ ਸੁਧਾਰ ਦੇ ਕੰਮ ਕਰਵਾਏ ਜਾ ਰਹੇ ਹਨ। ਇਨ੍ਹਾਂ ’ਚ 43.6 ਕਰੋੜ ਰੁਪਏ ਦੇ 11 ਕੇ.ਵੀ. ਫੀਡਰਾਂ ਨੂੰ ਡੀ-ਲੋਡ ਕਰਨ, ਨਵੇਂ ਟਰਾਂਸਫਾਰਮਰ ਲਾਉਣ ਅਤੇ ਮੌਜੂਦਾ ਟਰਾਂਸਫਾਰਮਰਾਂ ਨੂੰ ਆਗੂਮੈਂਟ ਕਰਨ ਦੇ ਕੰਮ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 49.4 ਕਰੋੜ ਦੀ ਲਾਗਤ ਨਾਲ 66 ਕੇ.ਵੀ ਲਾਈਨਾਂ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ’ਚ ਵਾਧਾ ਕਰਨ, ਨਵੇਂ ਸਬ ਸਟੇਸ਼ਨ ਸਥਾਪਿਤ ਕਰਨ ਅਤੇ ਮੌਜੂਦਾ ਪਾਵਰ ਟਰਾਂਸਫਾਰਮਰਾਂ ਨੂੰ ਆਗੂਮੈਂਟ ਕਰਨ ਆਦਿ ਕੰਮ ਕੀਤੇ ਜਾਣੇ ਹਨ।
ਇਸ ਨਾਲ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇ ਨਾਲ਼-ਨਾਲ਼ ਸਥਿਰ ਵੋਲਟੇਜ਼ ਸਪਲਾਈ ਮਿਲੇਗੀ। ਉਨ੍ਹਾਂ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਬਰਨਾਲਾ ਵਿਖੇ ਧਨੌਲਾ ਰੋਡ ਸ਼ਹਿਰੀ ਫੀਡਰ ਨੂੰ ਬਾਈਫਰਕੇਟ ਕਰਕੇ ਨਵੇ 11 ਕੇਵੀ ਫੀਡਰ ਨੂੰ ਚਾਲੂ ਕੀਤਾ ਗਿਆ ਹੈ, ਜਿਸ ਨਾਲ ਆਸਥਾ ਕਾਲੋਨੀ, ਅਗਰਸੈਨ ਕਾਲੋਨੀ, ਪ੍ਰੇਮ ਨਗਰ, ਹਾਰਮੋਨੀ ਕਾਲੋਨੀ, ਧਨੌਲਾ ਰੋਡ ਏਰੀਆ ਅਤੇ ਹਰੀ ਨਗਰ ਆਦਿ ਦੀ ਸਪਲਾਈ ’ਚ ਸੁਧਾਰ ਹੋਵੇਗਾ। ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਸੁਖਵਿੰਦਰ ਦਾਸ ਬਾਵਾ ਦੀ ਮੌਜੂਦਗੀ ’ਚ 66 ਕੇਵੀ ਸਬ ਸਟੇਸ਼ਨ ਬਰਨਾਲਾ ਵਿਖੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਨਵੀਨੀਕਰਨ ਅਤੇ ਵਾਧੇ ਸਬੰਧੀ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਇੰਜ. ਰਾਜੇਸ਼ ਕੁਮਾਰ ਜਿੰਦਲ, ਉੱਪ ਮੁੱਖ ਇੰਜੀਨੀਅਰ, ਵੰਡ ਹਲਕਾ ਬਰਨਾਲਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਪਰੋਕਤ ਪ੍ਰਾਜੈਕਟਾਂ ਦੇ ਪੂਰੇ ਹੋਣ ਉਪਰੰਤ, ਜ਼ਿਲ੍ਹਾ ਬਰਨਾਲਾ ’ਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ, ਗੁਣਵੱਤਾ ਅਤੇ ਖਪਤਕਾਰ ਸੰਤੁਸ਼ਟੀ ’ਚ ਮਹੱਤਵਪੂਰਨ ਸੁਧਾਰ ਹੋਣਗੇ। ਇਹ ਸਾਰੇ ਕੰਮ ਵਿਭਾਗੀ ਪੱਧਰ ਅਤੇ ਨਿਯਮਤ ਨਿਗਰਾਨੀ ਹੇਠ ਅਤੇ ਨਿਰਧਾਰਤ ਸਮਾਂ ਸੀਮਾ ’ਚ ਪੂਰੇ ਕੀਤੇ ਜਾਣਗੇ।