ਕਣਕ ਦੇ ਘੱਟ ਝਾੜ ਨਾਲ ਪੰਜਾਬ ਦਾ ਕਿਸਾਨ ਨਿਰਾਸ਼
ਕਣਕ ਦੇ ਘੱਟ ਝਾੜ ਨਾਲ ਪੰਜਾਬ ਦਾ ਕਿਸਾਨ ਨਿਰਾਸ਼
Publish Date: Tue, 28 Apr 2026 06:04 PM (IST)
Updated Date: Wed, 29 Apr 2026 04:10 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪੰਜਾਬ ’ਚ ਕਣਕ ਦੀ ਕਟਾਈ ਲਗਭਗ ਮੁਕੰਮਲ ਹੋ ਚੁੱਕੀ ਹੈ ਪਰ ਇਸ ਵਾਰ ਖੇਤਾਂ ਤੋਂ ਆਈ ਘੱਟ ਪੈਦਾਵਾਰ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਕਣਕ ਦਾ ਝਾੜ ਘੱਟ ਨਿਕਲਣ ਕਾਰਨ ਮੰਡੀਆਂ ’ਚ ਕਿਸਾਨਾਂ ਦੇ ਚਿਹਰਿਆਂ ’ਤੇ ਪਹਿਲਾਂ ਵਾਲੀ ਰੌਣਕ ਘੱਟ ਨਜ਼ਰ ਆ ਰਹੀ ਹੈ ਤੇ ਖੇਤੀਬਾੜੀ ਨਾਲ ਜੁੜੇ ਵਰਗਾਂ ’ਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਮਾਰਚ ਮਹੀਨੇ ਦੌਰਾਨ ਪਈ ਅਚਾਨਕ ਗਰਮੀ ਅਤੇ ਬਾਅਦ ’ਚ ਹੋਈ ਬੇਮੌਸਮੀ ਬਾਰਿਸ਼ ਨੇ ਕਣਕ ਦੀ ਫਸਲ ’ਤੇ ਡੂੰਘਾ ਅਸਰ ਪਾਇਆ। ਦਾਣਾ ਬਣਨ ਦੇ ਅਹਿਮ ਸਮੇਂ ਤਾਪਮਾਨ ਵਧਣ ਕਾਰਨ ਕਣਕ ਦੀਆਂ ਬੱਲੀਆਂ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕੀਆਂ, ਜਿਸ ਨਾਲ ਕਈ ਖੇਤਰਾਂ ’ਚ ਪੈਦਾਵਾਰ ਘੱਟ ਕੇ ਲਗਭਗ 16–17 ਕੁਇੰਟਲ ਪ੍ਰਤੀ ਏਕੜ ਤੱਕ ਰਹਿ ਗਈ। ਖ਼ਾਸ ਕਰਕੇ ਦੇਰੀ ਨਾਲ ਬੀਜੀ ਕਣਕ ਨੂੰ ਵੱਧ ਨੁਕਸਾਨ ਝੱਲਣਾ ਪਿਆ ਹੈ। ਕਟਾਈ ਮਗਰੋਂ ਕਈ ਥਾਵਾਂ ’ਤੇ ਪੱਕੀ ਫਸਲ ’ਤੇ ਪਈ ਬਾਰਿਸ਼ ਨੇ ਦਾਣੇ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮੰਡੀਆਂ ’ਚ ਪਹੁੰਚ ਰਹੀ ਕਣਕ ਦਾ ਦਾਣਾ ਕਈ ਥਾਵਾਂ ਬਰੀਕ ਅਤੇ ਰੰਗਤ ’ਚ ਫਿੱਕਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਖਰੀਦ ਏਜੰਸੀਆਂ ਵੱਲੋਂ ਗੁਣਵੱਤਾ ਸਬੰਧੀ ਚਿੰਤਾ ਜਤਾਈ ਜਾ ਰਹੀ ਹੈ। ਮੰਡੀਆਂ ’ਚੋਂ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਨਿਯਮਾਂ ’ਚ ਸੰਭਾਵੀ ਢਿੱਲ ਦੀ ਉਡੀਕ ਕੀਤੀ ਜਾ ਰਹੀ ਹੈ। ਪਿੰਡ ਖਿਆਲੀ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਮੇਂ ਸਿਰ ਬਿਜਾਈ, ਸਿੰਚਾਈ ਅਤੇ ਖਾਦ ਦੇ ਬਾਵਜੂਦ ਇਸ ਵਾਰ ਪੈਦਾਵਾਰ ਉਮੀਦਾਂ ਤੋਂ ਕਾਫੀ ਘੱਟ ਰਹੀ ਹੈ ਅਤੇ ਖਰਚਾ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ। ਪਿੰਡ ਕੁਰੜ ਦੇ ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ ਪਿਛਲੀਆਂ ਫਸਲਾਂ ਤੋਂ ਹੋਏ ਨੁਕਸਾਨ ਮਗਰੋਂ ਕਿਸਾਨ ਇਸ ਵਾਰ ਕਣਕ ਤੋਂ ਵੱਡੀਆਂ ਉਮੀਦਾਂ ਲਗਾ ਬੈਠੇ ਸਨ, ਪਰ ਘੱਟ ਝਾੜ ਨੇ ਉਨ੍ਹਾਂ ਦੀਆਂ ਆਸਾਂ ਨੂੰ ਝਟਕਾ ਦਿੱਤਾ ਹੈ। ਇਸ ਸਬੰਧੀ ਗੁਰਜੀਤ ਸਿੰਘ ਖਿਆਲੀ ਨੇ ਵੀ ਕਿਹਾ ਕਿ ਘੱਟ ਪੈਦਾਵਾਰ ਕਾਰਨ ਕਿਸਾਨਾਂ ਲਈ ਖੇਤੀ ਦਾ ਖਰਚਾ ਕੱਢਣਾ ਔਖਾ ਹੋ ਰਿਹਾ ਹੈ ਅਤੇ ਆਮਦਨ ਘੱਟਣ ਨਾਲ ਪਰਿਵਾਰਕ ਖਰਚੇ ਚਲਾਉਣਾ ਮੁਸ਼ਕਲ ਬਣਦਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਮੇਂ ਸਿਰ ਬੀਜੀ ਫਸਲ ਦੀ ਹਾਲਤ ਕੁਝ ਹੱਦ ਤੱਕ ਠੀਕ ਰਹੀ ਹੈ, ਪਰ ਦੇਰੀ ਨਾਲ ਬੀਜੀ ਕਣਕ ਮੌਸਮੀ ਉਤਾਰ-ਚੜ੍ਹਾਅ ਦਾ ਵੱਧ ਸ਼ਿਕਾਰ ਬਣੀ। ਦੂਜੇ ਪਾਸੇ ਆੜ੍ਹਤੀ ਵਰਗ ਦੇ ਨੁਮਾਇੰਦਿਆਂ ਨੇ ਕਿਹਾ ਕਿ ਲਗਾਤਾਰ ਚੌਥੀ ਫਸਲ ਵਿੱਚ ਨੁਕਸਾਨ ਨੇ ਕਿਸਾਨਾਂ ਦੀ ਆਰਥਿਕ ਹਾਲਤ ਕਮਜ਼ੋਰ ਕਰ ਦਿੱਤੀ ਹੈ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਤੁਰੰਤ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਮੰਡੀਆਂ ’ਚ ਘੱਟ ਢੇਰੀਆਂ ਅਤੇ ਕਿਸਾਨਾਂ ਦੇ ਚਿਹਰਿਆਂ ’ਤੇ ਦਿਖ ਰਹੀ ਮਾਯੂਸੀ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਮੌਸਮੀ ਤਬਦੀਲੀਆਂ ਨੇ ਪੰਜਾਬ ਦੀ ਕਿਸਾਨੀ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ।