11 ਮਈ ਤੋਂ ਲੈਂਡ ਮਾਰਗੇਜ ਬੈਂਕ ਅੱਗੇ ਲਾਏ ਜਾਣਗੇ ਧਰਨੇ
11 ਮਈ ਤੋਂ ਲੈਂਡ ਮਾਰਗੇਜ ਬੈਂਕ ਅੱਗੇ ਲਾਏ ਜਾਣਗੇ ਧਰਨੇ
Publish Date: Wed, 06 May 2026 04:08 PM (IST)
Updated Date: Wed, 06 May 2026 04:08 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਦੀ ਅਗਵਾਈ ਹੇਠ ਗੁਰਦੁਆਰਾ ਬੈਰਸੀਆਣਾ ਸਾਹਿਬ ਦਿੜ੍ਹਬਾ ਵਿਖੇ ਹੋਈ। ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਤੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਿੱਥੇ ਕਿਸਾਨ ਵਿਰੋਧੀ ਨੀਤੀਆਂ ਲਿਆ ਕੇ ਕਿਸਾਨਾਂ ਦੀਆਂ ਜਮੀਨਾਂ ਖੋਹਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ ਉੱਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੋ ਕਿ ਸਹਿਕਾਰਤਾ ਵਿਭਾਗ ਦੇ ਮੁਖੀ ਵੀ ਨੇ, ਉਨ੍ਹਾਂ ਦੀ ਅਗਵਾਈ ਵਾਲੇ ਲੈਂਡ ਮਾਰਗੇਜ ਬੈਂਕ ਵੱਲੋਂ ਕਿਸਾਨਾਂ ਤੋਂ ਪੈਸੇ ਭਰਵਾ ਕੇ ਅਤੇ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਦੇਣ ਤੋਂ ਬਾਅਦ ਉਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਧੋਖਾਧੜੀ ਕਰਦੇ ਹੋਏ ਕਿਸਾਨ ਤੋਂ ਲੈ ਗਏ ਖਾਲੀ ਚੈੱਕ ਅਦਾਲਤ ਵਿੱਚ ਲਾ ਕੇ ਕਿਸਾਨ ਨੂੰ ਜੇਲ ਭੇਜਣ ਅਤੇ ਜ਼ਮੀਨ ਹੜੱਪਣ ਦੀਆਂ ਮੁੱਖ ਮੰਤਰੀ ਦੇ ਅਦਾਰੇ ਵੱਲੋਂ ਸ਼ਾਜਿਸ਼ਾਂ ਘੜੀਆਂ ਜਾਂਦੀਆਂ ਹਨ ਅਤੇ ਇਸੇ ਲੈਂਡ ਮਾਰਗੇਜ ਬੈਂਕ ਵੱਲੋਂ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਇਸੇ ਤਰ੍ਹਾਂ ਪੈਸੇ ਭਰਵਾਉਣ ਤੋਂ ਬਾਅਦ ਵੀ ਤੰਗ ਪਰੇਸ਼ਾਨ ਕਰਕੇ ਖੁਦਕੁਸ਼ੀ ਕਰ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਪਿਛਲੀ 30 ਮਾਰਚ ਤੋਂ ਲੈਂਡ ਮਾਰਗੇਜ ਬੈਂਕ ਫਰੀਦਕੋਟ ਅੱਗੇ ਲਗਾਤਾਰ ਧਰਨਾ ਚੱਲ ਰਿਹਾ ਹੈ , ਪਿੰਡ ਹਰੀ ਨੌ ਦੇ ਸਕੇ ਭਰਾਵਾਂ ਅਤੇ ਪੰਜਾਬ ਭਰ ਦੇ ਲੈਂਡ ਮਾਰਗੇਜ ਬੈਂਕ ਦੀਆਂ ਧੋਖਾ ਧੜੀਆਂ ਦੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਬੈਂਕ ਵੱਲੋਂ ਲਏ ਗਏ ਖਾਲੀ ਚੈੱਕ ਕਿਸਾਨਾਂ ਨੂੰ ਵਾਪਸ ਕਰਵਾਉਣ ਲਈ ਅੰਦੋਲਨ ਨੂੰ ਹੋਰ ਤਿੱਖਾ ਕਰਦੇ ਹੋਏ 11 ਮਈ ਤੋਂ 10 ਜ਼ਿਲਿਆਂ ਵਿੱਚ ਲੈਂਡ ਮਾਰਗੇਜ ਬੈਂਕ ਦੀਆਂ ਬ੍ਰਾਂਚਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਬੀਤੇ ਦਿਨੀ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਹੈ ਜਿਸ ਤਹਿਤ ਜ਼ਿਲ੍ਹਾ ਸੰਗਰੂਰ ਅੰਦਰ ਲੈਂਡ ਮਾਰਗੇਜ ਬੈਂਕ ਸੁਨਾਮ ਨੂੰ ਜਿੰਦਰਾ ਮਾਰ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਭੂਰਾ ਸਿੰਘ ਸਲੇਮਗੜ੍ਹ , ਕੇਵਲ ਸਿੰਘ ਜਵੰਧਾ, ਕਰਮਜੀਤ ਸਿੰਘ ਬਾਲਦ ਕਲਾਂ, ਜਸਵੰਤ ਸਿੰਘ ਛਾਹੜ , ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ,ਕਸ਼ਮੀਰ ਸਿੰਘ ਉਗਰਾਹਾਂ, ਨਿਰਭੈ ਸਿੰਘ ਕੱਲਰ ਭੈਣੀ ਆਦਿ ਹਾਜ਼ਰ ਸਨ।