ਪਾਵਰਕਾਮ ਆਊਟ ਸੋਰਸਿੰਗ ਕਾਮਿਆਂ ਨੇ ਪਿੰਡਾਂ ’ਚ ਕੱਢਿਆ ਝੰਡਾ ਮਾਰਚ
ਪਾਵਰਕਾਮ ਆਊਟ-ਸੋਰਸਿੰਗ ਕਾਮਿਆਂ ਨੇ ਪਿੰਡਾਂ ’ਚ ਕੀਤਾ ਝੰਡਾ ਮਾਰਚ
Publish Date: Wed, 01 Apr 2026 07:24 PM (IST)
Updated Date: Wed, 01 Apr 2026 07:28 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਜੁਝਾਰੂ ਸਾਥੀਆਂ ਵੱਲੋਂ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਝੰਡਾ ਮਾਰਚ ਕਰ ਕੇ ਸਰਕਾਰ ਦੀ ਲੋਕ ਅਤੇ ਮੁਲਾਜ਼ਮ ਦੋਖੀ ਅਤੇ ਕਾਰਪੋਰੇਟ ਪੱਖੀ ਖ਼ਸਲਤ ਨੂੰ ਬੇਨਕਾਬ ਕੀਤਾ ਗਿਆ। ਇਸ ਝੰਡਾ ਮਾਰਚ ਦੀ ਅਗਵਾਈ ਕਰਦੇ ਮੋਰਚੇ ਦੇ ਸੂਬਾ ਆਗੂਆਂ ਬਲਿਹਾਰ ਸਿੰਘ ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਮੋੜ ਸਹਾਇਕ ਸਕੱਤਰ ਟੇਕ ਚੰਦ ਚਮਕੋਰ ਸਿੰਘ ਨੇ ਕਿਹਾ ਕਿ ਇਹ ਝੰਡਾ ਮਾਰਚ ਦਿੜ੍ਹਬਾ ਰਤਨਗੜ੍ਹ ਸਿੰਧੜਾਂ, ਕੜਿਆਲ, ਧਰਮਗੜ੍ਹ ਛੰਨਾ, ਮੁਨਸ਼ੀਵਾਲਾ, ਸਮੂਰਾਂ ਤੋਂ ਸ਼ੁਰੂ ਹੋ ਕੇ ਪਿੰਡ ਸਫੀਪੁਰ ਖੁਰਦ ਵਿਚ ਸਮਾਪਤ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਇਸ ਸਰਕਾਰ ਨੇ ਵੋਟਾਂ ਸਮੇਂ ਹੋਰ ਮਿਹਨਤਕਸ਼ ਲੋਕਾਂ ਦੀ ਤਰ੍ਹਾਂ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ।
ਮੁੱਖ ਮੰਤਰੀ ਪੰਜਾਬ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਕੰਮ ਲਈ ਜੇਗਰ ਉਨ੍ਹਾਂ ਨੂੰ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਉਹ ਜਾਣਗੇ। ਵੱਖੋ-ਵੱਖਰੇ ਵਿਭਾਗਾਂ ਅਤੇ ਕਾਮਿਆਂ ਨੂੰ ਲੁੱਟ ਰਹੀਆਂ ਕੰਪਨੀਆਂ ਅਤੇ ਸੁਸਾਇਟੀਆਂ ਨੂੰ ਵਿਭਾਗਾਂ ਵਿਚੋਂ ਬਾਹਰ ਕੱਢਿਆ ਜਾਵੇਗਾ। ਪਰ ਇਸ ਸਰਕਾਰ ਨੇ ਸੱਤਾ ਦੀ ਕੁਰਸੀ ’ਤੇ ਵਿਰਾਜਮਾਨ ਹੁੰਦਿਆਂ ਹੀ ਆਪਣੀ ਬੋਲੀ ਬਦਲ ਲਈ ਪਹਿਲੀਆਂ ਸਰਕਾਰਾਂ ਦੇ ਰਾਹਾਂ ’ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰ ਕੇ ਕਾਂਗਰਸ ਅਕਾਲੀਆਂ ਦਾ ਭਰੋਸਾ ਹੀ ਦੋਹਰਾਇਆ ਗਿਆ ਕਿ ਇਹ ਸਬ ਕਮੇਟੀ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਪਾਲਸੀ ਤਿਆਰ ਕਰੇਗੀ। ਪਰ ਇਸ ਸਬ ਕਮੇਟੀ ਨੇ ਜਿਸ ਦੇ ਪ੍ਰਮੁੱਖ ਦਿੜ੍ਹਬਾ ਹਲਕੇ ਨਾਲ ਸਬੰਧਿਤ ਵਿੱਤ ਮੰਤਰੀ ਪੰਜਾਬ ਨੂੰ ਥਾਪਿਆ ਗਿਆ। ਜਿਨ੍ਹਾਂ ਨੇ ਇਨ੍ਹਾਂ ਚਾਰ ਸਾਲਾਂ ਦੌਰਾਨ ਠੇਕਾ ਕਾਮਿਆਂ ਨਾਲ ਝੂਠੇ ਲਾਰੇ ਅਤੇ ਧੋਖੇ ਦੀਆਂ ਸਾਜ਼ਿਸ਼ਾਂ ਘੜ ਕੇ ਡੰਗ ਟਪਾਈ ਕਰਨ ਦੇ ਨਾਲ-ਨਾਲ ਮੋਰਚੇ ਦੀ ਇਕਜੁੱਟਤਾ ਨੂੰ ਖਿੰਡਾਉਣ ’ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ।