ਕੂੜੇ ਦੇ ਢੇਰਾਂ ਨੂੰ ਅੱਖੋ ਪਰੋਖੇ ਕਰ ਕੇ ਵਿਕਾਸ ਲਈ ਵੋਟਾਂ ਮੰਗ ਰਹੇ ਨੇ ਸਿਆਸੀ ਆਗੂ
ਕੂੜੇ ਦੇ ਢੇਰਾਂ ਨੂੰ ਅੱਖੋ ਪਰੋਖੇ ਕਰਕੇ ਵਿਕਾਸ ਲਈ ਵੋਟਾਂ ਮੰਗ ਰਹੇ ਨੇ ਸਿਆਸੀ ਆਗੂ
Publish Date: Wed, 20 May 2026 04:59 PM (IST)
Updated Date: Wed, 20 May 2026 05:01 PM (IST)

- ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਫੈਲਣ ਦਾ ਡਰ ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਹੁਣ ਜਿਲ੍ਹੇ ਅੰਦਰ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ, ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰਾਂ ਅੰਦਰ ਗੰਦਗੀ ਦੀ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ, ਪਰ ਮੌਜੂਦਾ ਸੱਤਾਧਾਰੀ ਪਾਰਟੀ ਦੇ ਵੱਡੇ ਲੀਡਰ ਆਪਣੇ ਉਮੀਦਵਾਰਾਂ ਦੇ ਹੱਕ ’ਚ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਅੱਖੋ ਪਰੋਖੇ ਕਰ ਕੇ ਸ਼ਹਿਰ ਦੇ ਵਿਕਾਸ ਲਈ ਵੋਟਾਂ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਫ਼ਾਈ ਸੇਵਕ ਪੰਜਾਬ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੜਤਾਲ ਬੁੱਧਵਾਰ ਨੂੰ 15ਵੇਂ ਦਿਨ ’ਚ ਸ਼ਾਮਲ ਹੋ ਚੁੱਕੀ ਹੈ। ਸਫ਼ਾਈ ਸੇਵਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਜ਼ਿਲ੍ਹੇ ਅੰਦਰ ਭਦੌੜ, ਹੰਡਿਆਇਆ, ਧਨੌਲਾ, ਤਪਾ ਮੰਡੀ ’ਚ ਗੰਦਗੀ ਤੇ ਢੇਰ ਲੱਗ ਚੁੱਕੇ ਹਨ। ਪਰ ਮੌਜੂਦਾ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਕੇ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਸਫ਼ਾਈ ਦੇ ਢੇਰਾਂ ਨੂੰ ਅਣਗੌਲਿਆ ਕਰ ਸ਼ਹਿਰ ਦੇ ਵਿਕਾਸ ਲਈ ਦਰ ਦਰ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਸਹਿਰ ਵਾਸੀਆਂ ਨੂੰ ਬਿਮਾਰੀਆਂ ਫੈਲਣ ਦਾ ਡਰ : ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਫ਼ਰਵਾਹੀ ਬਾਜ਼ਾਰ, ਹੰਡਿਆਇਆ, ਸਦਰ ਬਾਜ਼ਾਰ, ਕੇਸੀ ਰੋਡ, ਐੱਸਡੀ ਕਾਲਜ ਫ਼ਾਟਕ, ਬੱਸ ਸਟੈਂਡ ਆਦਿ ਜਨਤਕ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਚੁੱਕੇ ਹਨ। ਇਸ ਮੌਕੇ ਸ਼ਹਿਰ ਵਾਸੀ ਹਰੀਸ ਗੋਇਲ, ਵਨੀਤ ਕੁਮਾਰ, ਨਰੇਸ਼ ਕੁਮਾਰ, ਗੁਰਦੀਪ ਸਿੰਘ, ਲਛਮਣ ਸਿੰਘ ਆਦਿ ਨੇ ਕਿਹਾ ਕਿ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ਕੀਤੀ ਹੋਈ ਹੈ, ਪਰ ਇਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ, ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤੀ ਜਾ ਰਹੀ ਹੈ, ਸਗੋਂ ਸਰਕਾਰ ਦੇ ਉੱਚ ਲੀਡਰ ਐੱਮਸੀ ਚੋਣਾਂ ’ਚ ਰੁੱਝੇ ਹੋਏ ਹਨ ਤੇ ਉਨ੍ਹਾਂ ਨੂੰ ਸਹਿਰ ਅੰਦਰ ਫੈਲਗੀ ਗੰਦਗੀ ਦਿਖਾਈ ਨਹੀਂ ਦੇ ਰਹੀ ਹੈ। ਜੇਕਰ ਸਫ਼ਾਈ ਦਾ ਇਹੋ ਹਾਲ ਰਿਹਾ ਤਾਂ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਖੁੱਲ੍ਹਵਾਇਆ ਜਾਵੇ ਤੇ ਸ਼ਹਿਰ ਅੰਦਰ ਸਫ਼ਾਈ ਦੇ ਪ੍ਰਬੰਧ ਪੁਖਤਾ ਕੀਤੇ ਜਾਣ।