ਪੁਲਿਸ ਦੀ ਕਾਰਵਾਈ : 13 ਮੁਲਜ਼ਮ ਕਾਬੂ, ਨਸ਼ਾ ਅਤੇ ਮੋਬਾਈਲ ਬਰਾਮਦ
ਪੁਲਿਸ ਦੀ ਕਾਰਵਾਈ: 13 ਮੁਲਜ਼ਮ ਕਾਬੂ, ਨਸ਼ਾ ਅਤੇ ਮੋਬਾਇਲ ਬਰਾਮਦ
Publish Date: Wed, 08 Apr 2026 04:37 PM (IST)
Updated Date: Wed, 08 Apr 2026 04:41 PM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 1 ਅਪ੍ਰੈਲ ਤੋਂ 7 ਅਪ੍ਰੈਲ ਤੱਕ ਵੱਖ-ਵੱਖ ਮੋਰਚਿਆਂ ’ਤੇ ਸਰਾਹਣਯੋਗ ਕਾਰਗੁਜ਼ਾਰੀ ਕੀਤੀ ਗਈ। ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਮਾਮਲਿਆਂ ਵਿੱਚ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐੱਨਡੀਪੀਐੱਸ ਐਕਟ ਤਹਿਤ 3 ਮੁਕੱਦਮੇ ਦਰਜ ਕਰ ਕੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 75 ਨਸ਼ੀਲੇ ਟੈਬਲੇਟ ਅਤੇ 140 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਹੋਇਆ। ਇਸ ਤੋਂ ਇਲਾਵਾ 15 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰ ਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 2.5 ਲੱਖ ਰੁਪਏ ਹੈ। ਨਸ਼ਾ ਛੱਡਣ ਵੱਲ ਪ੍ਰੇਰਿਤ ਕਰਨ ਲਈ ਪੁਲਿਸ ਨੇ 4 ਨਸ਼ਾ ਪੀੜਤ ਵਿਅਕਤੀਆਂ ਦੀ ਕਾਊਂਸਲਿੰਗ ਕਰ ਕੇ ਉਨ੍ਹਾਂ ਨੂੰ ਪਰਿਵਾਰ ਦੀ ਸਹਿਮਤੀ ਨਾਲ ਨਸ਼ਾ ਛੁਡਾਊ ਕੇਂਦਰ ਭੇਜਿਆ। ਇਲਾਕੇ ਵਿੱਚ ਸਖ਼ਤ ਨਿਗਰਾਨੀ ਦੌਰਾਨ 64 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਕੇ ਧਾਰਾ 172 ਬੀਐੱਨਐੱਸਐੱਸ ਤਹਿਤ ਕਾਰਵਾਈ ਕੀਤੀ ਗਈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕਰਦਿਆਂ 61 ਵਾਹਨਾਂ ਦੇ ਚਾਲਾਨ ਕੱਟੇ ਗਏ। ਇਸ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ 28 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ। ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ ਤਹਿਤ ਪੰਚਾਇਤਾਂ, ਸਪੋਰਟਸ ਕਲੱਬਾਂ ਅਤੇ ਸਮਾਜਿਕ ਵਰਗਾਂ ਨਾਲ ਮੀਟਿੰਗਾਂ ਕਰ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪਬਲਿਕ ਨੂੰ ਅਪੀਲ ਕੀਤੀ ਗਈ ਕਿ ਨਸ਼ਾ ਤਸਕਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਮੁਹਿੰਮ ਵਿੱਚ ਸਹਿਯੋਗ ਦੇਣ, ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।