ਮੋਬਾਈਲ ਦੀ ਸਹੀ ਵਰਤੋਂ ਸਿਖਾਉਣ ਲਈ ਸਰਗਰਮੀ ਕਰਵਾਈ
ਬੱਚਿਆਂ ਨੂੰ ਮੋਬਾਇਲ ਦੀ ਸਹੀ ਵਰਤੋਂ ਸਿਖਾਉਣ ਲਈ ਪ੍ਰੇਰਨਾਦਾਇਕ ਗਤੀਵਿਧੀ ਕਰਵਾਈ
Publish Date: Sat, 18 Apr 2026 04:11 PM (IST)
Updated Date: Sun, 19 Apr 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅੱਜ-ਕੱਲ੍ਹ ਦੇ ਡਿਜ਼ੀਟਲ ਯੁੱਗ ’ਚ ਮੋਬਾਈਲ ਫ਼ੋਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਪਰ ਇੰਨੀ ਛੋਟੀ ਉਮਰ ’ਚ ਬੱਚਿਆਂ ਨੂੰ ਮੋਬਾਈਲ ਦੀ ਸਹੀ ਅਤੇ ਸੁਰੱਖਿਅਤ ਵਰਤੋਂ ਸਿਖਾਉਣਾ ਬਹੁਤ ਜ਼ਰੂਰੀ ਹੈ। ਇਸ ਲੋੜ ਨੂੰ ਮੁੱਖ ਰੱਖਦਿਆਂ ਸਥਾਨਕ ਕਿੰਡਰਗਾਰਟਨ ਸਕੂਲ ਵੱਲੋਂ ਨੰਨ੍ਹੇ-ਮੁੰਨੇ ਬੱਚਿਆਂ ਲਈ ਵਿਸ਼ੇਸ਼ ਤੇ ਮਜ਼ੇਦਾਰ ਗਤੀਵਿਧੀ ਕਰਵਾਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਇਹ ਸਿਖਾਉਣਾ ਸੀ ਕਿ ਮੁਸ਼ਕਿਲ ਸਮੇਂ ’ਚ ਉਹ ਆਪਣੇ ਮੰਮੀ-ਪਾਪਾ ਤੱਕ ਕਿਵੇਂ ਪਹੁੰਚ ਕਰ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਫ਼ੋਨ ਨੰਬਰ ਯਾਦ ਕਰਵਾਏ ਗਏ। ਹਰ ਬੱਚੇ ਨੂੰ ਆਪਣੀ ਮੰਮੀ ਤੇ ਪਾਪਾ ਦਾ ਮੋਬਾਈਲ ਨੰਬਰ ਵਾਰ-ਵਾਰ ਦੁਹਰਾਉਣ ਲਈ ਕਿਹਾ ਗਿਆ, ਤਾਂ ਜੋ ਉਹ ਇਸਨੂੰ ਚੰਗੀ ਤਰ੍ਹਾਂ ਯਾਦ ਕਰ ਸਕਣ। ਇਸ ਤੋਂ ਬਾਅਦ ਇਕ ਬਹੁਤ ਹੀ ਸਿਰਜਨਾਤਮਕ ਤੇ ਖੇਡ-ਖੇਡ ’ਚ ਸਿੱਖਿਆ ਦੇਣ ਵਾਲਾ ਕਦਮ ਚੁੱਕਿਆ ਗਿਆ। ਅਧਿਆਪਕਾਂ ਵੱਲੋਂ ਇਕ ਵੱਡੇ ਜਿਹੇ ਕਾਰਡਬੋਰਡ ਉੱਤੇ ਮੋਬਾਈਲ ਫ਼ੋਨ ਦੀ ਤਸਵੀਰ ਬਣਾਈ ਗਈ, ਜਿਸ ’ਚ ਡਾਇਲਿੰਗ ਪੈਡ ਵੀ ਬਣਾਇਆ ਗਿਆ। ਹਰੇਕ ਬੱਚੇ ਨੂੰ ਵਾਰ-ਵਾਰ ਉਸ ਨਕਲੀ ਮੋਬਾਈਲ ’ਤੇ ਆਪਣੇ ਮੰਮੀ-ਪਾਪਾ ਦਾ ਨੰਬਰ ਡਾਇਲ ਕਰਨ ਲਈ ਕਿਹਾ ਗਿਆ। ਬੱਚੇ ਜਦੋਂ ਨੰਬਰ ਡਾਇਲ ਕਰਦੇ, ਤਾਂ ਉਹ ਬਹੁਤ ਖੁਸ਼ ਤੇ ਉਤਸ਼ਾਹਿਤ ਮਹਿਸੂਸ ਕਰਦੇ ਸਨ। ਅੱਜ ਦੇ ਯੁੱਗ ’ਚ ਮੋਬਾਈਲ ਜਿੱਥੇ ਜ਼ਰੂਰੀ ਹੈ, ਉੱਥੇ ਇਸਦੀ ਦੁਰਵਰਤੋਂ ਦੇ ਖ਼ਤਰੇ ਵੀ ਹਨ। ਇਸ ਲਈ ਸਾਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ। ਇਹ ਗਤੀਵਿਧੀ ਨਾ ਸਿਰਫ਼ ਉਨ੍ਹਾਂ ਨੂੰ ਮਾਪਿਆਂ ਦੇ ਨੰਬਰ ਯਾਦ ਕਰਨ ’ਚ ਮੱਦਦ ਕਰੇਗੀ, ਸਗੋਂ ਕਿਸੇ ਵੀ ਐਮਰਜੈਂਸੀ ’ਚ ਉਹ ਆਪਣੀ ਸਥਿਤੀ ਨੂੰ ਸਮਝਦੇ ਹੋਏ ਤੁਰੰਤ ਨੰਬਰ ਡਾਇਲ ਕਰ ਸਕਣਗੇ।