ਕੂੜੇ ਦੇ ਢੇਰਾਂ ਨੇ ਸੰਗਰੂਰ ਦੀ ਸੁੰਦਰਤਾ ਨੂੰ ਲਾਇਆ ਗੰਦਗੀ ਦਾ ਗ੍ਰਹਿਣ
ਕੂੜੇ ਦੇ ਢੇਰਾਂ ਨੇ ਸੰਗਰੂਰ ਦੀ ਸੁੰਦਰਤਾ ਨੂੰ ਲਾਇਆ ਗੰਦਗੀ ਦਾ ਗ੍ਰਹਿਣ
Publish Date: Wed, 13 May 2026 03:45 PM (IST)
Updated Date: Wed, 13 May 2026 03:48 PM (IST)

- ਸਫ਼ਾਈ ਕਾਮਿਆਂ ਦੀ ਹੜਤਾਲ, ਸ਼ਹਿਰ ਹੋਇਆ ਬੇਹਾਲ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਜੈਪੁਰ ਦੀ ਤਰਜ ਤੇ ਵਸਿਆ ਰਿਆਸਤੀ ਸ਼ਹਿਰ ਸੰਗਰੂਰ ਨੂੰ ਇਨੀਂ ਦਿਨੀਂ ਗੰਦਗੀ ਦੇ ਢੇਰਾਂ ਦਾ ਗ੍ਰਹਿਣ ਲੱਗਿਆ ਹੋਇਆ ਹੈ। ਕਿਉਂਕਿ ਪਿਛਲੇ ਅੱਠ ਦਿਨਾਂ ਤੋਂ ਸਫਾਈ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਹੋਈ ਹੈ। ਜਿਸ ਕਾਰਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗ ਗਏ ਹਨ, ਜੋ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਬਦਬੂ ਫੈਲਣ ਲੱਗੀ ਹੈ। ਜਿਸ ਕਾਰਨ ਨਾ ਕੇਵਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਬਲਕਿ ਬਿਮਾਰੀਆਂ ਫੈਲਣ ਦਾ ਡਰ ਵੀ ਸਤਾਉਣ ਲੱਗਾ ਹੈ। ਜ਼ਿਕਰਯੋਗ ਹੈ ਕਿ 6 ਮਈ ਤੋਂ ਸਫਾਈ ਸੇਵਕ ਅਤੇ ਸੀਵਰਮੈਨ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇ ਲਈ ਹੜਤਾਲ ਤੇ ਚਲ ਰਹੇ ਹਨ। ਜਿਸ ਕਾਰਨ ਸ਼ਹਿਰ ਦੀ ਹਰੇਕ ਸੜਕ ਅਤੇ ਚੌਕ ਚੌਰਾਹਿਆਂ ਤੇ ਕੂੜੇ ਦੇ ਢੇਰ ਲੱਗੇ ਪਏ ਹਨ। ਸ਼ਹਿਰ ਦੇ ਡੀਸੀ ਦਫਤਰ ਰੋਡ, ਸੁਨਾਮੀ ਗੇਟ, ਰਣਬੀਰ ਕਾਲਜ ਰੋਡ, ਨਾਭਾ ਗੇਟ, ਰੈਸਟ ਹਾਊਸ ਨੇੜੇ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਘਰਾਂ ਵਿੱਚ ਵੀ ਕਈ ਦਿਨਾਂ ਤੋ ਕੂੜਾ ਨਾ ਚੁੱਕੇ ਜਾਣ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਪਿਛਲੇ ਇਕ ਹਫਤੇ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਕਈ ਟਨ ਕੂੜਾ ਸੜਕਾਂ ਤੇ ਖਿੱਲਰਿਆ ਪਿਆ ਹੈ। ਕੂੜੇ ਦੇ ਢੇਰ ਸੜਕਾਂ ਤੱਕ ਆ ਗਏ ਹਨ, ਜਿੱਥੋ ਲੰਘਣਾ ਰਾਹਗੀਰਾਂ ਲਈ ਔਖਾ ਹੋ ਗਿਆ ਹੈ। ਇਹ ਪ੍ਰੇਸ਼ਾਨੀ ਲਾਵਾਰਿਸ ਪਸ਼ੂ ਹੋਰ ਵਧਾ ਰਹੇ ਹਨ। ਕੂੜੇ ਦੇ ਢੇਰਾਂ ਤੇ ਮੂੰਹ ਮਾਰਦੇ ਲਾਵਾਰਿਸ ਪਸ਼ੂ ਕੂੜੇ ਨੂੰ ਇਧਰ-ਉਧਰ ਖਿਲਾਰ ਰਹੇ ਹਨ। ਹੁਣ ਇਸ ਵਿੱਚੋ ਬਦਬੂ ਮਾਰਨ ਲੱਗ ਗਈ ਹੈ ਅਤੇ ਕੋਲੋਂ ਲੰਘਣ ਵਾਲੇ ਲੋਕਾਂ ਨੂੰ ਨੱਕ ਤੇ ਰੁਮਾਲ ਰੱਖ ਕੇ ਲੰਘਣਾ ਪੈ ਰਿਹਾ ਹੈ। ਸੜਕਾਂ ਤੇ ਨਾ ਸੁੱਟਿਆ ਜਾਵੇ ਕੂੜਾ–ਕਾਲੜਾ ਸ਼ਹਿਰ ਦੇ ਸਮਾਜ ਸੇਵੀ ਜਤਿੰਦਰ ਕਾਲੜਾ ਦਾ ਕਹਿਣਾ ਹੈ ਕਿ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਅਜਿਹੇ ਵਿੱਚ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਸ਼ਹਿਰ ਦੀ ਸੁੰਦਰਤਾ ਨੂੰ ਸੜਕਾਂ ਤੇ ਕੂੜਾ ਸੁੱਟਕੇ ਨਾ ਵਿਗਾੜਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ ਆਪਣੇ ਘਰਾਂ ਵਿੱਚ ਹੀ ਕੂੜਾ ਰੱਖਣ ਅਤੇ ਸੜਕਾਂ ਤੇ ਨਾ ਸੁੱਟਣ ਜਾਂ ਫੇਰ ਕੂੜੇ ਵਾਲੇ ਡੰਪ ’ਤੇ ਕੂੜਾ ਸੁੱਟਿਆ ਜਾਵੇ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਫਾਈ ਸੇਵਕਾਂ ਦੀਆਂ ਜਾਇਜ ਮੰਗਾਂ ਨੂੰ ਪ੍ਰਵਾਨ ਕਰਕੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋ ਰਾਹਤ ਦੇਵੇ। ਕਈ ਦਿਨਾਂ ਤੋ ਕੂੜਾ ਨਾ ਚੁੱਕੇ ਜਾਣ ਕਾਰਨ ਹੋ ਰਹੀ ਪ੍ਰੇਸ਼ਾਨੀ ਸ਼ਹਿਰ ਨਿਵਾਸੀ ਜਸਪ੍ਰੀਤ ਕੌਰ, ਸੁਮਨ ਦੇਵੀ, ਸੁਨੀਤਾ ਅਤੇ ਡਿੰਪਲ ਨੇ ਕਿਹਾ ਕਿ ਪਿਛਲੇ ਅੱਠ ਦਿਨਾਂ ਤੋ ਘਰਾਂ ਵਿੱਚੋ ਕੂੜਾ ਨਾ ਚੁੱਕੇ ਜਾਣ ਕਾਰਨ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਤਾਂ ਕੂੜੇ ਵਿੱਚੋ ਬਦਬੂ ਵੀ ਮਾਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਕੂੜਾ ਚੁੱਕੇ ਜਾਣ ਦੀ ਜਿੰਮੇਵਾਰੀ ਨਗਰ ਕੌਸਲ ਦੀ ਹੈ। ਜੇਕਰ ਸਫਾਈ ਕਾਮੇ ਹ਼ੜਤਾਲ ਤੇ ਹਨ ਤਾਂ ਕੂ਼ੜਾ ਚੁੱਕਣ ਦਾ ਕੋਈ ਹੋਰ ਰਾਹ ਲੱਭਣਾ ਚਾਹੀਦਾ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।