ਬਰਨਾਲਾ ’ਚ ਪੈਟਰੋਲ ਦੀ ਕਿੱਲਤ: ਨਾਰਮਲ ਪੈਟਰੋਲ ਖ਼ਤਮ ਹੋਣ ਕਾਰਨ ਕਚਿਹਰੀ ਚੌਂਕ ’ਚ ਭਾਰਤ ਪੈਟਰੋਲੀਅਮ ਦਾ ਪੰਪ ਹੋਇਆ ਡਰਾਈ

- ਮਜਬੂਰੀ ’ਚ ਪਾਵਰ ਪੈਟਰੋਲ ਪਵਾ ਕੇ 10 ਰੁਪਏ ਪ੍ਰਤੀ ਲੀਟਰ ਵਾਧੂ ਦੇਣ ਲਈ ਲੋਕ ਬੇਵੱਸ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪਿਛਲੇ ਕੁਝ ਸਮੇਂ ਤੋਂ ਪੈਟਰੋਲ ਤੇ ਡੀਜ਼ਲ ਦੀ ਸੰਭਾਵਿਤ ਕਿੱਲਤ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ਤੇ ਸਰਕਾਰ ਵੱਲੋਂ ਜਾਰੀ ਚਿਤਾਵਨੀਆਂ ਦਾ ਅਸਰ ਹੁਣ ਹਕੀਕਤ ਦੇ ਰੂਪ ’ਚ ਧਰਾਤਲ ’ਤੇ ਦਿਖਾਈ ਦੇਣ ਲੱਗ ਪਿਆ ਹੈ। ਬਰਨਾਲਾ ਸ਼ਹਿਰ ’ਚ ਪੈਟਰੋਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਆਮ ਜਨਜੀਵਨ ਉੱਪਰ ਇਸ ਦਾ ਸਿੱਧਾ ਅਸਰ ਪੈਣਾ ਸੁਭਾਵਿਕ ਹੈ। ਸ਼ਹਿਰ ਦਾ ਇਕ ਪੈਟਰੋਲ ਪੰਪ ਖ਼ਾਲੀ (ਡਰਾਈ) ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਰਨਾਲਾ ਦੇ ਸਭ ਤੋਂ ਅਹਿਮ ਸਥਾਨ ਕਚਿਹਰੀ ਚੌਕ ਸਥਿਤ ਦੀਵਾਨ ਚੰਦ ਬਾਂਸਲ ਭਾਰਤ ਪੈਟਰੋਲੀਅਮ ਦੇ ਪੰਪ ’ਤੇ ਬੁੱਧਵਾਰ ਦੁਪਹਿਰ ਨਾਰਮਲ ਪੈਟਰੋਲ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਪੰਪ ’ਤੇ ਤੇਲ ਖਤਮ ਹੋਣ ਸਦਕਾ ਬਹੁਤੇ ਵਾਹਨ ਚਾਲਕ ਖਾਲੀ ਹੱਥ ਵਾਪਸ ਮੁੜਦੇ ਤੇ ਵਾਹਨ ਚਾਲਕਾਂ ’ਚ ਭਾਰੀ ਪਰੇਸ਼ਾਨੀ ਦੇਖਣ ਨੂੰ ਮਿਲੀ। ਨਾਰਮਲ ਪੈਟਰੋਲ ਖਤਮ ਹੋਣ ਤੋਂ ਬਾਅਦ ਪੰਪ ਪ੍ਰਬੰਧਕਾਂ ਵੱਲੋਂ ਵਾਹਨ ਚਾਲਕਾਂ ਨੂੰ ਸਿਰਫ਼ ਪ੍ਰੀਮੀਅਮ ਯਾਨੀ ਪਾਵਰ ਪੈਟਰੋਲ ਹੀ ਵੇਚਿਆ ਜਾ ਰਿਹਾ ਸੀ। ਆਪਣੇ ਜ਼ਰੂਰੀ ਕੰਮਾਂ-ਕਾਰਾਂ ’ਤੇ ਜਾਣ ਵਾਲੇ ਲੋਕਾਂ ਕੋਲ ਕੋਈ ਦੂਸਰਾ ਵਿਕਲਪ ਨਾ ਹੋਣ ਕਾਰਨ, ਉਨ੍ਹਾਂ ਨੂੰ ਮਜਬੂਰੀਵੱਸ ਕਰੀਬ 10 ਰੁਪਏ ਪ੍ਰਤੀ ਲੀਟਰ ਮਹਿੰਗਾ ਪੈਟਰੋਲ ਖ਼ਰੀਦ ਕੇ ਆਪਣੀ ਜੇਬ ਹੌਲੀ ਕਰਨੀ ਪਈ। ਇਸ ਸਥਿਤੀ ਕਾਰਨ ਆਮ ਨਾਗਰਿਕਾਂ, ਖਾਸ ਕਰ ਕੇ ਨੌਕਰੀਪੇਸ਼ਾ ਤੇ ਦਿਹਾੜੀਦਾਰ ਵਰਗ ’ਚ ਭਾਰੀ ਰੋਸ ਦੇਖਿਆ ਗਿਆ। ਪੰਪ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਬਠਿੰਡਾ ਡਿਪੂ ਤੋਂ ਸ਼ਾਮ ਤਕ ਗੱਡੀ ਆਉਣ ਤੋਂ ਬਾਅਦ ਹੀ ਨਾਰਮਲ ਤੇਲ ਦੀ ਸਪਲਾਈ ਆਮ ਵਾਂਗ ਬਹਾਲ ਕੀਤੀ ਜਾ ਸਕੇਗੀ।
- ਪੈਟਰੋਲ ਖਤਮ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ : ਪੰਪ ਪ੍ਰਬੰਧਕ
ਤੇਲ ਦੀ ਇਸ ਅਚਾਨਕ ਪੈਦਾ ਹੋਈ ਕਿੱਲਤ ਤੇ ਮਹਿੰਗਾ ਪੈਟਰੋਲ ਵੇਚ ਕੇ ਲੋਕਾਂ ’ਤੇ ਪਾਏ ਜਾ ਰਹੇ ਵਾਧੂ ਆਰਥਿਕ ਬੋਝ ਤੋਂ ਪਰੇਸ਼ਾਨ ਇਕ ਜਾਗਰੂਕ ਵਾਹਨ ਚਾਲਕ ਨੇ ਜਦੋਂ ਪੰਪ ਦੇ ਦਫ਼ਤਰ ਪਹੁੰਚ ਕੇ ਅਧਿਕਾਰਤ ਤੌਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਸ਼ਿਕਾਇਤ ਮੰਗੇ ਜਾਣ ’ਤੇ ਪੰਪ ਪ੍ਰਬੰਧਕਾਂ ਨੇ ਸ਼ਿਕਾਇਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਨੇ ਤਰਕ ਦਿੱਤਾ ਕਿ ਪੈਟਰੋਲ ਖ਼ਤਮ ਹੋਣਾ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ਦੀ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਬਣਦੀ। ਇਸ ਲਈ ਸ਼ਿਕਾਇਤ ਬੁੱਕ ਨਹੀਂ ਦਿੱਤੀ ਜਾ ਸਕਦੀ।
- ਨਿੱਜੀ ਪੰਪਾਂ ਦੀ ਸਪਲਾਈ ਬੰਦ ਹੋਣ ਕਾਰਨ ਆਈ ਸਮੱਸਿਆ : ਸੇਲਜ਼ ਮੈਨੇਜਰ
ਇਸ ਸਬੰਧੀ ਜਦੋਂ ਭਾਰਤ ਪੈਟਰੋਲੀਅਮ ਦੇ ਸੇਲਜ਼ ਮੈਨੇਜਰ ਹਨੂੰਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜੀਓ ਤੇ ਨਾਇਰਾ ਕੰਪਨੀਆਂ ਨੇ ਪੈਟਰੋਲ ਪੰਪਾਂ ਦੀ ਸਪਲਾਈ ਲਗਭਗ ਬੰਦ ਕਰ ਦਿੱਤੀ ਹੈ। ਪ੍ਰਾਈਵੇਟ ਪੰਪ ਬੰਦ ਹੋਣ ਕਾਰਨ ਉੱਥੋਂ ਦੇ ਗਾਹਕ ਸਰਕਾਰੀ ਕੰਪਨੀਆਂ ਦੇ ਪੰਪਾਂ ਵੱਲ ਤਬਦੀਲ ਹੋ ਗਏ ਹਨ। ਸਰਕਾਰੀ ਪੰਪਾਂ ’ਤੇ ਸੇਲ ਅਚਾਨਕ ਵਧ ਗਈ ਹੈ। ਇਸ ਬਾਰੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਡਿਪੂ ਤੋਂ ਤੇਲ ਦੀ ਗੱਡੀ (ਟੈਂਕਰ) ਬਰਨਾਲਾ ਲਈ ਨਿਕਲ ਚੁੱਕੀ ਹੈ ਤੇ ਅਗਲੇ ਦੋ-ਤਿੰਨ ਘੰਟਿਆਂ ’ਚ ਨਾਰਮਲ ਪੈਟਰੋਲ ਪੰਪ ’ਤੇ ਪਹੁੰਚ ਜਾਵੇਗਾ। ਜਿਸ ਤੋਂ ਬਾਅਦ ਸਪਲਾਈ ਬਹਾਲ ਹੋ ਜਾਵੇਗੀ।