ਟ੍ਰਾਈਡੈਂਟ ਗਰੁੱਪ ਨੇ ਆਈਆਈਟੀ ਰੋਪੜ ਦੇ ਵਿਦਵਾਨਾਂ ਲਈ ਉਦਯੋਗਿਕ ਦੌਰਾ ਕਰਵਾਇਆ
ਅਪਡੇਟ ਫਾਈਲ ਨੰਬਰ: 15
Publish Date: Thu, 14 May 2026 03:32 PM (IST)
Updated Date: Fri, 15 May 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਟ੍ਰਾਈਡੈਂਟ ਗਰੁੱਪ ਨੇ ਆਪਣੇ ਧੌਲਾ ਸਥਿਤ ਟਾਵਲ ਤੇ ਪੇਪਰ ਨਿਰਮਾਣ ਯੂਨਿਟ ਵਿਖੇ ਆਈਆਈਟੀ ਰੋਪੜ ਦੇ ਅਕਾਦਮਿਕ ਵਿਦਵਾਨਾਂ ਲਈ ਉਦਯੋਗਿਕ ਦੌਰਾ ਕਰਵਾਇਆ। ਇਸ ਦੌਰੇ ਦਾ ਮਕਸਦ ਨਵੀਨਤਾ, ਟਿਕਾਊ ਨਿਰਮਾਣ ਅਤੇ ਆਧੁਨਿਕ ਤਕਨੀਕਾਂ ਰਾਹੀਂ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ। ਟ੍ਰਾਈਡੈਂਟ ਦੀ ਇਨੋਵੇਸ਼ਨ ਟੀਮ ਨੇ ਡਾ. ਜਯਾਰਾਮ ਵੱਲੁਰੂ ਅਤੇ ਡਾ. ਨਵਿਨ ਗੋਪੀਨਾਥਨ ਦਾ ਸਵਾਗਤ ਕੀਤਾ। ਇਹ ਦੌਰਾ ਪ੍ਰਸਤਾਵਿਤ ਐਮਓਯੂ ਤੋਂ ਪਹਿਲਾਂ ਸਾਂਝੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਖੰਗਾਲਣ ਲਈ ਕਰਵਾਇਆ ਗਿਆ, ਜਿਸ ਦੌਰਾਨ ਐਡਵਾਂਸਡ ਡਾਟਾ ਐਨਾਲਿਟਿਕਸ ਅਤੇ ਏਆਈ ਆਧਾਰਿਤ ਪ੍ਰੋਸੈਸ ਕੰਟਰੋਲ ਰਾਹੀਂ ਉਤਪਾਦਨ ਸਮਰੱਥਾ ਅਤੇ ਟਿਕਾਊਪਣ ਵਧਾਉਣ ’ਤੇ ਵਿਚਾਰ-ਵਟਾਂਦਰਾ ਹੋਇਆ। ਦੌਰੇ ਦੌਰਾਨ ਆਈਆਈਟੀ ਦੇ ਪ੍ਰਤੀਨਿਧ ਮੰਡਲ ਨੂੰ ਟ੍ਰਾਈਡੈਂਟ ਦੇ ਇਕਰੂਪ ਨਿਰਮਾਣ ਤੰਤਰ, ਪ੍ਰੋਸੈਸ ਆਪਟੀਮਾਈਜ਼ੇਸ਼ਨ ਅਤੇ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਸਬੰਧੀ ਪਹਿਲਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਉਭਰਦੀਆਂ ਤਕਨੀਕਾਂ ਦੇ ਜ਼ਰੀਏ ਡਾਟਾ ਆਧਾਰਿਤ ਫੈਸਲਾ ਪ੍ਰਣਾਲੀ ਅਤੇ ਸਮਾਰਟ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਨੂੰ ਵੀ ਦਰਸਾਇਆ ਗਿਆ। ਕਾਰਜਕ੍ਰਮ ਦੇ ਅੰਤ ’ਚ ਰਜਨੀਸ਼ ਗੇਰਾ, ਡਾ.ਐਨ.ਸੀ.ਰੇ ਅਤੇ ਟ੍ਰਾਈਡੈਂਟ ਦੀ ਇਨੋਵੇਸ਼ਨ ਤੇ ਆਪਰੇਸ਼ਨ ਟੀਮ ਨਾਲ ਵਿਸਥਾਰਪੂਰਵਕ ਚਰਚਾ ਹੋਈ। ਇਸ ਦੌਰਾਨ ਭਵਿੱਖ ’ਚ ਤਕਨੀਕ ਆਧਾਰਿਤ ਨਿਰਮਾਣ ਨਵੀਨਤਾਵਾਂ ਅਤੇ ਸਾਂਝੇ ਖੋਜ ਕਾਰਜਾਂ ਨੂੰ ਅੱਗੇ ਵਧਾਉਣ ਲਈ ਰੂਪਰੇਖਾ ਤੈਅ ਕੀਤੀ ਗਈ। ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ ਇਹ ਪਹਿਲ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਅਕਾਦਮਿਕ ਖੋਜ ਨੂੰ ਉਦਯੋਗਿਕ ਤਜਰਬੇ ਨਾਲ ਜੋੜ ਕੇ ਨਵੀਨਤਾ ਨੂੰ ਗਤੀ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਸਹਿਯੋਗ ਰਾਹੀਂ ਭਵਿੱਖ ’ਚ ਐਪਲਾਈਡ ਰਿਸਰਚ, ਇੰਟੈਲੀਜੈਂਟ ਮੈਨੂਫੈਕਚਰਿੰਗ ਹੱਲ ਅਤੇ ਅਗਲੀ ਪੀੜ੍ਹੀ ਦੀਆਂ ਪ੍ਰਕਿਰਿਆਵਾਂ ’ਚ ਨਵੇਂ ਪ੍ਰਯਾਸਾਂ ਨੂੰ ਵਧਾਵਾ ਮਿਲਣ ਦੀ ਉਮੀਦ ਹੈ।