ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਯੂਨੀਵਰਸਿਟੀ ਸਿਲੇਬਸ ’ਚ ਸ਼ਾਮਲ
ਬਰਨਾਲੇ ਨੂੰ ਸਾਹਿਤ ਦਾ ਮੱਕਾ ਆਖਿਆ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਦੀ ਜਰਖੇਜ਼ ਧਰਤ ’ਚ ਜਨਮੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਵਿਸ਼ਵ ਪੱਧਰ ਤੇ ਪ੍ਰਸਿੱਧੀ ਹਾਸਲ ਕੀਤੀ ਹੈ। ਇੱਥੇ ਆਏ ਹਫ਼ਤੇ ਕਿਸੇ ਨਾ ਕਿਸੇ ਪੁਸਤਕ ਦਾ ਲੋਕ ਅਰਪਣ ਜਾਂ ਗੋਸ਼ਟੀ ਹੁੰਦੀ ਰਹਿੰਦੀ ਹੈ।
Publish Date: Wed, 27 May 2026 05:09 PM (IST)
Updated Date: Wed, 27 May 2026 05:10 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲੇ ਨੂੰ ਸਾਹਿਤ ਦਾ ਮੱਕਾ ਆਖਿਆ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਦੀ ਜਰਖੇਜ਼ ਧਰਤ ’ਚ ਜਨਮੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਵਿਸ਼ਵ ਪੱਧਰ ਤੇ ਪ੍ਰਸਿੱਧੀ ਹਾਸਲ ਕੀਤੀ ਹੈ। ਇੱਥੇ ਆਏ ਹਫ਼ਤੇ ਕਿਸੇ ਨਾ ਕਿਸੇ ਪੁਸਤਕ ਦਾ ਲੋਕ ਅਰਪਣ ਜਾਂ ਗੋਸ਼ਟੀ ਹੁੰਦੀ ਰਹਿੰਦੀ ਹੈ। ਬਰਨਾਲਾ ਮਾਨਸਾ ਦੇ ਅੱਧਵਿਚਕਾਰ ਪੈਂਦੇ ਪਿੰਡ ਰੜ੍ਹ (ਮਾਨਸਾ) ਦਾ ਜੰਮਪਲ ਪਰਮਜੀਤ ਮਾਨ ਪਹਿਲੇ ਕਹਾਣੀ ਸੰਗ੍ਰਹਿ ਨਾਲ ਹੀ ਸਮੁੰਦਰ ਦਾ ਆਦਮੀ ਵਜੋਂ ਪਛਾਣ ਬਣਾ ਗਿਆ ਸੀ। ਉਸ ਨੇ ਹੁਣ ਤੱਕ ਪੰਜ ਮੌਲਿਕ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਦੋ ਕਾਵਿ ਸੰਗ੍ਰਹਿ, ਧੁੱਖਦੀਆਂ ਸਵੇਰਾਂ ਬਲਦੀਆਂ ਸ਼ਾਮਾਂ ਅਤੇ ਸਾਗਰ ਦੇ ਸਫੇ ਤੇ ਹਨ। ਦੋ ਕਹਾਣੀ ਸੰਗ੍ਰਹਿ, ਸਮੁੰਦਰ ਦਾ ਆਦਮੀ ਤੇ ਰੇਤ ਦੇ ਘਰ ਹਨ। ਉਨ੍ਹਾਂ ਦੀ ਨਵੀਂ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ) ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਪ੍ਰਾਪਤ ਹੋਇਆ ਸੀ, ਹੁਣ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਪੰਜਾਬੀ ਆਨਰਜ਼ ਦੇ ਦੂਸਰੇ ਸਾਲ ਦੇ ਸਿਲੇਬਸ ’ਚ ਲੱਗਣ ਦਾ ਮਾਣ ਹਾਸਲ ਹੋਇਆ ਹੈ। ਬਰਨਾਲਾ ਖੇਤਰ ਦੇ ਲੇਖਕਾਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਜੋਗਿੰਦਰ ਸਿੰਘ ਨਿਰਾਲਾ, ਕੰਵਰਜੀਤ ਭੱਠਲ, ਜੁਗਰਾਜ ਧੌਲਾ, ਬੂਟਾ ਸਿੰਘ ਚੌਹਾਨ, ਰਾਮ ਸਰੂਪ ਸ਼ਰਮਾ, ਡਾ. ਰਾਮਪਾਲ ਸਿੰਘ ਸ਼ਾਹਪੁਰੀ, ਡਾ. ਤਰਸਪਾਲ ਕੌਰ, ਦਰਸ਼ਨ ਸਿੰਘ ਗੁਰੂ, ਤੇਜਿੰਦਰ ਚੰਡਿਹੋਕ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸਨੇਹ ਅਤੇ ਚਰਨੀ ਬੇਦਿਲ ਤੋਂ ਇਲਾਵਾ ਇਲਾਕੇ ਦੇ ਸਾਹਿਤਕਾਰਾਂ ਨੇ ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ।