ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਮਾਪਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ
ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਮਾਪਿਆਂ ਨੂੰ ਸੁਚੇਤ ਹੋਣ ਦੀ ਜਰੂਰਤ
Publish Date: Wed, 18 Feb 2026 05:56 PM (IST)
Updated Date: Wed, 18 Feb 2026 05:57 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਾਰਚ ਮਹੀਨੇ ’ਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ। ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਜ਼ਦੀਕ ਆਉਂਦਿਆਂ ਹੀ ਵਿਦਿਆਰਥੀ ਜਿੱਥੇ ਤਣਅ ’ਚ ਰਹਿਣ ਲਗਦੇ ਹਨ, ਉੱਥੇ ਘਰ ਦਾ ਸਮੁੱਚਾ ਮਾਹੌਲ ਵੀ ਬੱਚਿਆਂ ਦੀ ਪੜ੍ਹਾਈ ਉੱਪਰ ਕੇਂਦਰਿਤ ਹੋ ਜਾਂਦਾ ਹੈ। ਮਾਤਾ-ਪਿਤਾ ਵੀ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਪ੍ਰੀਖਿਆ ਦੇ ਦਿਨਾਂ ’ਚ ਚਿੰਤਤ ਦਿਖਾਈ ਦਿੰਦੇ ਹਨ। ਅਜਿਹੇ ’ਚ ਸਾਨੂੰ ਬੱਚਿਆਂ ਨੂੰ ਸੁਖਾਵਾਂ ਮਾਹੌਲ ਦੇਣਾ ਚਾਹੀਦਾ ਹੈ ਤਾਂ ਬੱਚੇ ਸਹੀ ਤਰੀਕੇ ਨਾਲ ਮਾਨਸਿਕ ਤੇ ਸਰੀਰਕ ਤੌਰ ’ਤੇ ਫਿੱਟ ਹੋ ਕੇ ਆਪਣੀ ਪ੍ਰੀਖਿਆ ਦੇਣ ਸਕਣ। ਬਾਬਾ ਗਾਂਧਾ ਸਿੰਘ ਸਕੂਲ ਦੇ ਚੇਅਰਮੈਨ ਰਣਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ’ਤੇ ਅੰਕਾਂ ਦਾ ਬਹੁਤ ਦਬਾਅ ਹੁੰਦਾ ਹੈ, ਜਿਸ ਨਾਲ ਸਰੀਰਕ ਤੇ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ’ਤੇ ਵਾਧੂ ਦਬਾਅ ਨਾ ਪਾਉਣ, ਸਗੋਂ ਉਨ੍ਹਾਂ ਦੀ ਸਮਰੱਥਾ ਅਨੁਸਾਰ ਸਹਾਇਤਾ ਕਰਨ, ਸਿਹਤਮੰਦ ਮਾਹੌਲ ਦੇਣ, 7-8 ਘੰਟੇ ਦੀ ਨੀਂਦ ਯਕੀਨੀ ਬਣਾਉਣ ਅਤੇ ਸਕਾਰਾਤਮਕ ਮਾਹੌਲ ਕਾਇਮ ਰੱਖਣ। ਵਾਈਐੱਸ ਸਕੂਲ ਬਰਨਾਲਾ ਦੇ ਐੱਮਡੀ ਵਰੁਣ ਭਾਰਤੀ ਨੇ ਕਿਹਾ ਕਿ ਮਾਪਿਆਂ ਦਾ ਸਹਿਯੋਗ ਬੱਚਿਆਂ ਨੂੰ ਬਿਨਾਂ ਕਿਸੇ ਡਰ ਦੇ ਪ੍ਰੀਖਿਆਵਾਂ ’ਚ ਵਧੀਆ ਪ੍ਰਦਰਸ਼ਨ ਕਰਨ ’ਚ ਮਦਦ ਕਰਦਾ ਹੈ। ਬੱਚਿਆਂ ਨੂੰ ਉੱਚ ਅੰਕ ਲਿਆਉਣ ਲਈ ਮਾਨਸਿਕ ਤਣਾਅ ’ਚ ਨਾ ਪਾਓ। ਬੱਚਿਆਂ ਨੂੰ ਅੰਕਾਂ ਦੀ ਦੌੜ ਦੀ ਬਜਾਏ ਜੀਵਨ ਦੇ ਟੀਚਿਆਂ ’ਤੇ ਧਿਆਨ ਦੇਣ ਲਈ ਪ੍ਰੇਰਿਤ ਕਰੋ। ਪ੍ਰੀਖਿਆਵਾਂ ਦੌਰਾਨ ਬੱਚਿਆਂ ਦੇ ਖਾਣ-ਪੀਣ ਤੇ ਸੌਣ ਦੇ ਸਮੇਂ ਦਾ ਖਾਸ ਧਿਆਨ ਰੱਖੋ, ਕਿਉਂਕਿ ਦਬਾਅ ਕਾਰਨ ਉਨ੍ਹਾਂ ਨੂੰ ਪਾਚਨ ਜਾਂ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐੱਮਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਪ੍ਰੀਖਿਆਵਾਂ ਦੌਰਾਨ ਘਰ ’ਚ ਸ਼ਾਂਤ ਤੇ ਪੜ੍ਹਾਈ ਵਾਲਾ ਮਾਹੌਲ ਬਣਾਓ। ਬੱਚਿਆਂ ਨੂੰ ਯੋਗਾ, ਕਸਰਤ ਜਾਂ ਇਨਡੋਰ ਗੇਮਾਂ ਲਈ ਉਤਸ਼ਾਹਿਤ ਕਰੋ। ਸੋਸ਼ਲ ਮੀਡੀਆ ’ਤੇ ਪ੍ਰੀਖਿਆ ’ਚ ਵਧੀਆ ਅੰਕਾਂ ਦੀ ਪੋਸਟ ਤੇ ਹੋਣਹਾਰ ਵਿਦਿਆਰਥੀਆਂ ਨਾਲ ਤੁਲਨਾ ਕਰਨ ਵਰਗੇ ਹਾਲਾਤ ਵਿਦਿਆਰਥੀ ’ਤੇ ਪ੍ਰੀਖਿਆ ਦੇ ਦਿਨਾਂ ’ਚ ਤਣਾਅਗ੍ਰਸਤ ਮਾਹੌਲ ਪੈਦਾ ਕਰ ਦਿੰਦੇ ਹਨ, ਜਿਸ ਕਾਰਨ ਵਿਦਿਆਰਥੀ ਸਾਰਥਿਕ ਨਤੀਜੇ ਨਹੀਂ ਦੇ ਪਾਉਂਦਾ। ਬੱਚਿਆਂ ਨੂੰ ਇਨ੍ਹਾਂ ਦਿਨਾਂ ’ਚ ਸੋਸਲ ਮੀਡੀਆ ਤੋਂ ਦੂਰ ਰੱਖਿਆ ਜਾਵੇ। ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਦੇ ਐੱਮਡੀ ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਪੜ੍ਹਾਈ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਜਿਸ ਤਰੀਕੇ ਨਾਲ ਸਕੂਲ ’ਚ ਸਮਾਂ ਸਾਰਨੀ ਬਣਾਈ ਜਾਂਦੀ ਹੈ, ਉਸੇ ਹੀ ਤਰਜ਼ ’ਤੇ ਵਿਦਿਆਰਥੀ ਆਪਣਾ ਖ਼ੁਦ ਦਾ ਟਾਈਮ ਟੇਬਲ ਘਰ ’ਚ ਪੜ੍ਹਾਈ ਲਈ ਵੀ ਬਣਾਏ। ਹਰ ਵਿਸ਼ੇ ਲਈ ਜ਼ਰੂਰਤ ਅਨੁਸਾਰ ਸਮਾਂ ਨਿਸ਼ਚਿਤ ਕੀਤਾ ਜਾਵੇ। ਸ਼ੁਰੂਆਤ ਥੋੜ੍ਹੇ ਸਮੇਂ ਤੋਂ ਕੀਤੀ ਜਾ ਸਕਦੀ ਹੈ। ਜਿਹੜੀਆਂ ਚੀਜ਼ਾਂ ਜਾਂ ਸਰਗਰਮੀਆਂ ਪੜ੍ਹਾਈ ’ਚ ਰੁਕਾਵਟ ਬਣਦੀਆਂ ਹਨ, ਉਨ੍ਹਾਂ ਤੋਂ ਦੂਰ ਰਿਹਾ ਜਾਵੇ।