ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਨੇ ਕੀਤੀ ਮੀਟਿੰਗ
ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਹੋਈ
Publish Date: Sun, 03 May 2026 03:49 PM (IST)
Updated Date: Mon, 04 May 2026 04:02 AM (IST)

5 ਤੇ 6 ਮਈ ਨੂੰ ਸੌਂਪੇ ਜਾਣਗੇ ਜ਼ਿਲ੍ਹੇਵਾਰ ਹੜਤਾਲੀ ਨੋਟਿਸ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਇੱਥੇ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ਼ ਬਠਿੰਡਾ ਤੇ ਸੂਬਾ ਜਨਰਲ ਸਕੱਤਰ ਹਰਮਨਦੀਪ ਸਿੰਘ ਸਿੱਧੂ ਬਰਨਾਲਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਬਿੰਦਰ ਠੀਕਰੀਵਾਲਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੱਚੇ ਸਿਹਤ ਕਾਮਿਆਂ ਦੀਆਂ ਮੰਗਾਂ ਮੁਸ਼ਕਲਾਂ ਦੇ ਹੱਲ ਲਈ ਡਾਇਰੈਕਟਰ ਪੰਜਾਬ ਹੈੱਲਥ ਸਿਸਟਮਜ਼ ਕਾਰਪੋਰੇਸ਼ਨ, ਸਿਹਤ ਵਿਭਾਗ ਦੇ ਡਾਇਰੈਕਟਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਾਇਰੈਕਟਰ ਐੱਨਐੱਚਐੱਮ ਚੰਡੀਗੜ੍ਹ ਤੇ ਸਿਹਤ ਮੰਤਰੀ ਪੰਜਾਬ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪਰ ਅਜੇ ਤਕ ਕੋਈ ਸੁਣਵਾਈ ਨਹੀਂ ਹੋਈ। ਉਜ਼ਰ ਕੀਤਾ ਕਿ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ਼ ਬਠਿੰਡਾ ਤੇ ਸੂਬਾ ਜਨਰਲ ਸਕੱਤਰ ਹਰਮਨਦੀਪ ਸਿੰਘ ਸਿੱਧੂ ਬਰਨਾਲਾ ਨੇ ਕਿਹਾ ਕਿ ਆਉਟਸੋਰਸ ਨਿੱਜੀ ਕੰਪਨੀਆਂ ਵੱਲੋਂ ਕੱਚੇ ਸਿਹਤ ਕਾਮਿਆਂ ਨਾਲ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਅਤਿ ਮਾੜ੍ਹਾ ਵਿਵਹਾਰ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਕਿ ਸਹਿਣਯੋਗ ਨਹੀਂ। ਹਨ। ਕੰਪਨੀਆਂ ਵੱਲੋਂ ਤਨਖ਼ਾਹਾਂ ਵਿੱਚੋਂ ਨਾਜਾਇਜ਼ ਪੈਸੇ ਕੱਟੇ/ਵਸੂਲੇ ਜਾ ਰਹੇ ਹਨ। ਦੋਸ਼ ਲਾਇਆ ਕਿ 2-2 ਮਹੀਨੇ ਤਕ ਦੀਆਂ ਤਨਖ਼ਾਹਾਂ ਹੜੱਪ ਲਈਆਂ ਜਾਂਦੀਆਂ ਹਨ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਸਿੱਟੇ ਵਜੋਂ ਕੱਚੇ ਸਿਹਤ ਕਾਮੇ ਤਿੱਖਾ ਸਘੰਰਸ਼ ਵਿੱਢਣ ਲਈ ਮਜ਼ਬੂਰ ਹਨ। ਫ਼ੈਸਲਾ ਕੀਤਾ ਗਿਆ ਕਿ 5 ਅਤੇ 6 ਮਈ ਨੂੰ ਹਰ ਜ਼ਿਲ੍ਹੇ ਵਿੱਚੋਂ ਭਰਵੇਂ ਇਕੱਠਾਂ ਨਾਲ ਸਮੂਹ ਸਿਵਲ ਸਰਜਨ ਦਫ਼ਤਰਾਂ ਰਾਹੀਂ ਮੰਗ ਪੱਤਰ ਅਤੇ ਧਰਨਿਆਂ ਦੇ ਨੋਟਿਸ ਵਿਭਾਗੀ ਉੱਚ ਅਧਿਕਾਰੀਆਂ, ਸਿਹਤ ਮੰਤਰੀ ਤੇ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ। ਅਖੀਰ 19 ਮਈ ਨੂੰ ਬਠਿੰਡਾ ਅਤੇ 25 ਮਈ ਨੂੰ ਮਾਨਸਾ ਸਿਵਲ ਸਰਜਨ ਦਫ਼ਤਰਾਂ ਅੱਗੇ ਵਿਖੇ ਸੂਬਾ ਪੱਧਰੀ ਧਰਨੇ ਦਿੱਤੇ ਜਾਣਗੇ। ਆਗੂਆਂ ਕਿਹਾ ਕਿ ਜੇਕਰ ਫ਼ਿਰ ਵੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਬਰਾਬਰ ਕੰਮ ਬਰਾਬਰ ਤਨਖ਼ਾਹ ਤੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕੋਈ ਨੀਤੀ ਲਾਗੂ ਨਹੀਂ ਕੀਤੀ ਜਾਂਦੀ ਤਾਂ ਅਗਲੇਰੇ ਪੰਜਾਬ ਪੱਧਰੀ ਹੋਰ ਤਿੱਖੇ ਸੰਘਰਸ਼ ਜਲਦ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਬਠਿੰਡਾ, ਬਰਨਾਲਾ, ਲੁਧਿਆਣਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀਆਂ ਆਗੂ ਟੀਮਾਂ ਨੇ ਭਰਵੀਂ ਸ਼ਮੂਲੀਅਤ ਕੀਤੀ।